ਮਨਮੋਹਨ ਸਿੰਘ ਦੇ ਨਾਂ ’ਤੇ ਇੰਟਰਨੈਸ਼ਨਲ ਯੂਨੀਵਰਸਿਟੀ ਕਾਇਮ ਕਰਨ ਲਈ ਅਪੀਲ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਦਸੰਬਰ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਬਣਦੇ ਸਤਿਕਾਰ ਵਿੱਚ ਹੋਈ ਕਮੀ, ਦੇਸ਼ ਨਾਲ ਪਿਆਰ ਕਰਨ ਵਾਲੇ ਪੜ੍ਹੇ ਲਿਖੇ ਹਰ ਇਕ ਆਮ ਆਦਮੀ ਨੇ ਮਹਿਸੂਸ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖੀਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਸਬੰਧੀ ਰਸਮਾਂ ਜਨਤਕ ਘਾਟ ’ਤੇ ਹੋਣ ਨਾਲ ਉਨ੍ਹਾਂ ਦੀ ਸਾਦਗੀ ਵਾਲੇ ਜੀਵਨ ਦੀ ਮਹਾਨਤਾ ਵਿੱਚ ਚਾਹੇ ਕੋਈ ਵੀ ਕਮੀ ਨਹੀਂ ਆਈ, ਪਰ ਸਾਫ ਸੁਥਰੀ ਛਵੀ ਵਾਲੇ ਰਾਜਸੀ ਆਗੂ ਵਜੋਂ ਭਾਰਤ ਨੂੰ ਆਰਥਿਕ ਪੱਖੋਂ ਦਿੱਤੀਆਂ ਸੇਵਾਵਾਂ ਨੂੰ ਭਾਰਤ ਦੀ ਜਨਤਾ ਕਦੇ ਵੀ ਭੁੱਲ ਨਹੀਂ ਸਕਦੀ। ਰਾਜਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਡਾ. ਮਨਮੋਹਨ ਸਿੰਘ ਦੇ ਨਾਂ ’ਤੇ ਜਲਦ ਇਕ ਇੰਟਰਨੈਸ਼ਨਲ ਯੂਨੀਵਰਸਿਟੀ ਸਥਾਪਤ ਕੀਤੀ ਜਾਵੇ ਅਤੇ ਇਸ ਵਿੱਚ ਭਾਰਤ ਦੇ ਹਰ ਸੂਬੇ ਤੋੋਂ ਹੋਣਹਾਰ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਅਤੇ ਵਜ਼ੀਫ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਰਾਜਘਾਟ ਉਤੇ ਡਾਕਟਰ ਸਾਹਿਬ ਦੇ ਜੀਵਨ ਨਾਲ ਸਬੰਧਤ ਅਜਾਇਬ ਘਰ ਸਥਾਪਿਤ ਕੀਤਾ ਜਾਵੇ। ਰਾਜਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਸਾਹਿਬ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈ ਕੇ ਇਸ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਵਿਦਿਆਰਥੀ ਨਾ ਕੇਵਲ ਭਾਰਤ ਸਰਕਾਰ ਵਿੱਚ ਚੰਗੇ ਰਾਜਨੀਤਕ ਅਤੇ ਚੰਗੇ ਨੌਕਰਸ਼ਾਹਾਂ ਦੇ ਤੌਰ ’ਤੇ ਆਪਣੀਆਂ ਸੇਵਾਵਾਂ ਦੇਵੇ ਬਲਕਿ ਇੱਥੋਂ ਦਾ ਪੜ੍ਹਿਆ ਵਿਦਿਆਰਥੀ ਸੰਸਾਰ ਦੇ ਕਿਸੇ ਵੀ ਖੇਤਰ ਵਿੱਚ ਭਾਰਤ ਦਾ ਨਾਮ ਰੌਸ਼ਨ ਕਰੇ।