ਮੈਟਰੋ ਵਿੱਚ ਵਿਵਾਦਤ ਵੀਡੀਓਜ਼ ਨਾ ਬਣਾਉਣ ਦੀ ਅਪੀਲ
ਨਵੀਂ ਦਿੱਲੀ, 19 ਨਵੰਬਰ
ਪਿਛਲੇ ਕੁਝ ਮਹੀਨਿਆਂ ’ਚ ਦਿੱਲੀ ਮੈਟਰੋ ਦੇ ਅੰਦਰ ਅਤੇ ਮੈਟਰੋ ਕੰਪਲੈਕਸ ’ਤੇ ਬਣਾਈਆਂ ਗਈਆਂ ਵਿਵਾਦਤ ਵੀਡਓਜ਼ ਸਾਹਮਣੇ ਆਉਣ ਦੇ ਮੱਦੇਨਜ਼ਰ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਮੁਖੀ ਵਿਕਾਸ ਕੁਮਾਰ ਨੇ ਲੋਕਾਂ ਨੂੰ ਅਜਿਹੀਆਂ ‘ਇਤਰਾਜ਼ਯੋਗ’ ਹਰਕਤਾਂ ਨਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਕਦਮ ਚੁੱਕੇ ਜਾ ਰਹੇ ਹਨ। ਕੁਮਾਰ ਨੇ ਕਿਹਾ ਕਿ ਸਮੇਂ-ਸਮੇਂ ’ਤੇ ‘ਅਚਨਚੇਤ ਜਾਂਚ’ ਕੀਤੀ ਜਾ ਰਹੀ ਹੈ ਅਤੇ ਡੀਐਮਆਰਸੀ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਟਰੋ ਕੰਪਲੈਕਸ ਵਿੱਚ ਹਰ ਜਗ੍ਹਾ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਯਾਤਰੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਅਧਿਕਾਰੀਆਂ ਨੂੰ ਕਰਨ ਦੀ ਅਪੀਲ ਕੀਤੀ ਹੈ। ਡੀਐਮਆਰਸੀ ਦੇ ਨਿਯਮਾਂ ਤਹਿਤ ਮੈਟਰੋ ਟਰੇਨਾਂ ਅਤੇ ਸਟੇਸ਼ਨਾਂ ’ਤੇ ਅਣਅਧਿਕਾਰਤ ਵੀਡੀਓ ਬਣਾਉਣ ਦੀ ਮਨਾਹੀ ਹੈ ਪਰ ਦਿੱਲੀ ਮੈਟਰੋ ਵਿੱਚ ਰੀਲਾਂ ਬਣਾਉਣ ਦਾ ਸਿਲਸਿਲਾ ਫਿਰ ਵੀ ਜਾਰੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਦੇ ਮੁਖੀ ਵਿਕਾਸ ਕੁਮਾਰ ਨੇ ਕਿਹਾ, “ਅਸੀਂ ਪਹਿਲਾਂ ਅਜਿਹੇ ਲੋਕਾਂ (ਜੋ ਅਜਿਹੇ ਕੰਮ ਕਰਦੇ ਹਨ) ਨੂੰ ਸਲਾਹ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਮਾਜ ਦੇ ਹਿੱਤ ਵਿੱਚ ਅਜਿਹੀਆਂ ਇਤਰਾਜ਼ਯੋਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ। ਸੁਰੱਖਿਆ ਮੁਲਾਜ਼ਮ ਹਰ ਥਾਂ ਮੌਜੂਦ ਨਹੀਂ ਹੋ ਸਕਦੇ। ਇਹ ਨਾਗਰਿਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਲੋਕਾਂ ਨੂੰ ਫੜਨ ਅਤੇ ਜੇ ਉਹ ਅਜਿਹੀਆਂ ਇਤਰਾਜ਼ਯੋਗ ਗਤੀਵਿਧੀਆਂ ਦੇਖਦੇ ਹਨ ਤਾਂ ਉਹ ਇਸ ਬਾਰੇ ਸੂਚਿਤ ਕਰਨ। -ਪੀਟੀਆਈ