ਸਿੱਖ ਜਥੇਬੰਦੀਆਂ ਵੱਲੋਂ ਪੰਥ ਦਾ ਨੁਮਾਇੰਦਾ ਇਕੱਠ ਸੱਦਣ ਦੀ ਅਪੀਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਗਸਤ
ਇੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਇੱਕ ਪੱਤਰ ਦੇ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰੂਨੀ ਸੰਕਟ ਦੇ ਮਾਮਲੇ ਵਿੱਚ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਇਸ ਸਬੰਧ ਵਿੱਚ ਸਿੱਖ ਪੰਥ ਦਾ ਨੁਮਾਇੰਦਾ ਇਕੱਠ ਸੱਦਿਆ ਜਾਵੇ ਅਤੇ ਸੰਕਟ ਦਾ ਠੋਸ ਹੱਲ ਕੀਤਾ ਜਾਵੇ। ਇਸ ਸਬੰਧ ਵਿੱਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪਰਮਿੰਦਰ ਪਾਲ ਸਿੰਘ ਖਾਲਸਾ ਤੇ ਸੰਤੋਖ ਸਿੰਘ ਦਿੱਲੀ, ਭਾਈ ਗੁਰਦਾਸ ਇੰਸਟੀਚਿਊਟ ਆਫ਼ ਐਡਵਾਂਸ ਸਿੱਖ ਸਟੱਡੀਜ਼ ਦੇ ਭਾਈ ਹਰਸਿਮਰਨ ਸਿੰਘ, ਪ੍ਰੋਫੈਸਰ ਬਲਵਿੰਦਰ ਸਿੰਘ, ਭਾਈ ਬਲਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਮਨਜੀਤ ਸਿੰਘ ਗਤਕਾ ਮਾਸਟਰ, ਆਰਟਿਸਟ ਸਾਹਿਬ ਸਿੰਘ, ਸੰਦੀਪ ਸਿੰਘ ਚਾਵਲਾ ਤੇ ਹੋਰਨਾਂ ਨੇ ਸੌਂਪੇ ਪੱਤਰ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਪੰਥ ਦੀ ਜਮਾਤ ਹੈ ਪਰ ਅਕਾਲੀ ਲੀਡਰਸ਼ਿਪ ਉੱਪਰ ਹੁਣ ਸਿੱਖ ਪੰਥ ਨੂੰ ਵਿਸ਼ਵਾਸ ਨਹੀਂ ਰਿਹਾ। ਉਨ੍ਹਾਂ ਖਿਲਾਫ਼ ਬੇਅਦਬੀਆਂ, ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ ਕਰਨ ਤੇ ਹੋਰ ਕਈ ਗੰਭੀਰ ਦੋਸ਼ ਲੱਗੇ ਹਨ ਜਿਸ ਕਾਰਨ ਕਈ ਚੋਣਾਂ ਵਿੱਚ ਹਾਰ ਹੋਈ ਹੈ ਤੇ ਨਮੋਸ਼ੀ ਦਾ ਮੂੰਹ ਦੇਖਣਾ ਪਿਆ ਹੈ। ਇਸ ਹਾਰ ਤੋਂ ਬਾਅਦ ਅਕਾਲੀ ਦਲ ਦੀ ਲੀਡਰਸ਼ਿਪ ਵਿੱਚ ਵੀ ਮੱਤਭੇਦ ਪੈਦਾ ਹੋ ਗਏ ਹਨ। ਇਸ ਮਾਮਲੇ ਵਿੱਚ ਕੁਝ ਅਕਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਪਹੁੰਚ ਕਰ ਕੇ ਸੁਖਬੀਰ ਬਾਦਲ ਦੀ ਲੀਡਰਸ਼ਿਪ ਵਿੱਚ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੈ ਅਤੇ ਸਮੁੱਚੇ ਪੰਥ ਦੀਆਂ ਨਜ਼ਰਾਂ ਇਸ ਵੇਲੇ ਇਸ ਸਬੰਧੀ ਹੋਣ ਵਾਲੇ ਫ਼ੈਸਲੇ ਵੱਲ ਲੱਗੀਆਂ ਹੋਈਆਂ ਹਨ। ਸਿੱਖ ਆਗੂਆਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸੁਝਾਅ ਦਿੱਤਾ ਕਿ ਇਹ ਮਾਮਲਾ ਹੁਣ ਸਿਰਫ਼ ਧਾਰਮਿਕ ਤਨਖਾਹ ਲਾਉਣ ਤੇ ਅਕਾਲੀ ਆਗੂਆਂ ਨੂੰ ਮੁਆਫ਼ ਕਰਨ ਤੱਕ ਸੀਮਤ ਨਹੀਂ ਰਹਿ ਗਿਆ ਸਗੋਂ ਇਸ ਸਬੰਧੀ ਦੋਸ਼ਾਂ ਦੇ ਫੈਸਲਿਆਂ ਬਾਰੇ ਸਿੱਖ ਪੰਥ ਦਾ ਨੁਮਾਇੰਦਾ ਇਕੱਠ ਸੱਦਿਆ ਜਾਵੇ ਅਤੇ ਇਸ ਸੰਕਟ ਦਾ ਠੋਸ ਹੱਲ ਕੱਢਿਆ ਜਾਵੇ। ਇਸ ਸਬੰਧੀ ਫੈਸਲੇ ਨੂੰ ਐਲਾਨਣ ਤੋਂ ਪਹਿਲਾਂ ਸਮੁੱਚੇ ਸਿੱਖ ਪੰਥ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ ਅਤੇ ਫ਼ੈਸਲਿਆਂ ’ਤੇ ਸਮਰਥਨ ਲਿਆ ਜਾਵੇ। ਪੰਥਕ ਸੰਕਟ ਦੇ ਹੱਲ ਲਈ ਇੱਕ ਸੁਪਰੀਮ ਪੰਥਕ ਕੌਂਸਲ ਬਣਾਈ ਜਾਵੇ, ਜਿਸ ਨੂੰ ਸ਼੍ਰੋਮਣੀ ਕਮੇਟੀ ਤੇ ਸਮੁੱਚੀਆਂ ਪੰਥਕ ਧਿਰਾਂ ਸਮਰਥਨ ਦੇਣ। ਇਹ ਪੰਥਕ ਕੌਂਸਲ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਵਿੱਚ ਕੰਮ ਕਰੇ। ਉਨ੍ਹਾਂ ਇਸ ਸਬੰਧ ਵਿੱਚ ਕੁਝ ਸਿੱਖ ਸ਼ਖ਼ਸੀਅਤਾਂ ਦੇ ਨਾਵਾਂ ਦਾ ਵੀ ਸੁਝਾਅ ਦਿੱਤਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਅਕਾਲੀ ਦਲ ਦੇ ਸਾਰੇ ਜਥੇਬੰਦਕ ਢਾਂਚੇ, ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਾਸੇ ਕਰ ਦਿੱਤਾ ਜਾਵੇ। ਇਸ ਸਬੰਧੀ ਸਮੁੱਚੀ ਜ਼ਿੰਮੇਵਾਰੀ ਸੁਪਰੀਮ ਖਾਲਸਾ ਕੌਂਸਲ ਨੂੰ ਸੌਂਪੀ ਜਾਵੇ ਜੋ ਸਮਾਂਬੱਧ ਤਰੀਕੇ ਨਾਲ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਅਕਾਲੀ ਦਲ ਦੀ ਪੁਨਰ ਸਥਾਪਨਾ ਦਾ ਕੰਮ ਕਰੇ। ਉਨ੍ਹਾਂ ਪੰਜਾਬ ਵਾਸਤੇ ਇੱਕ ਨਵਾਂ ਪੰਥਕ ਦਸਤਾਵੇਜ਼ ਤਿਆਰ ਕਰਨ ਲਈ ਉਪਰਾਲੇ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਸਿੱਖ ਸਟੂਡੈਂਟਸ ਫੈੱਡਰੇਸ਼ਨਾਂ, ਯੂਥ ਅਕਾਲੀ ਦਲ, ਬੀਰ ਖਾਲਸਾ ਦਲ ਦੀ ਬਹਾਲੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਅਕਾਲ ਤਖਤ ਨਾਲ ਜੋੜਨ ਦੀ ਅਪੀਲ ਕੀਤੀ।