ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਲਾ ਕੋਚ ਵੱਲੋਂ ਐੱਸਆਈਟੀ ਰਿਪੋਰਟ ਪੇਸ਼ ਕਰਨ ਦੀ ਅਪੀਲ

08:51 AM Aug 18, 2024 IST

ਰਾਮਕ੍ਰਿਸ਼ਨ ਉਪਾਧਿਆਏ
ਚੰਡੀਗੜ੍ਹ, 17 ਅਗਸਤ
ਹਰਿਆਣਾ ਦੇ ਸਾਬਕਾ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਜਿਨਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਕੋਚ ਨੇ ਅੱਜ ਸਥਾਨਕ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਕੇ ਅਪੀਲ ਕੀਤੀ ਹੈ ਕਿ ਉਹ ਹਰਿਆਣਾ ਦੇ ਡੀਜੀਪੀ ਨੂੰ ਮਾਮਲੇ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਦੀ ਰਿਪੋਰਟ ਅਤੇ ਦਸਤਾਵੇਜ਼ ਪੇਸ਼ ਕਰਨ ਦੀ ਹਦਾਇਤ ਕਰੇ। ਪੀੜਤਾ ਨੇ ਵਕੀਲ ਦਿਪਾਂਸ਼ੂ ਬਾਂਸਲ ਰਾਹੀਂ ਦਾਖ਼ਲ ਕੀਤੀ ਅਰਜ਼ੀ ਵਿੱਚ ਆਖਿਆ ਹੈ ਕਿ ਇਸ ਮਾਮਲੇ ਦੀ ਪੜਤਾਲ ਲਈ ਹਰਿਆਣਾ ਸਰਕਾਰ ਨੇ 29 ਦਸੰਬਰ 2022 ਨੂੰ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ।
ਵਕੀਲ ਦਿਪਾਂਸ਼ੂ ਬਾਂਸਲ ਨੇ ਆਖਿਆ ਕਿ ਪੀੜਤਾ ਨੇ 29 ਦਸੰਬਰ 2022 ਨੂੰ ਮਾਮਲੇ ਸਬੰਧੀ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ। ਉਨ੍ਹਾਂ ਆਖਿਆ ਜਦੋਂ ਪੀੜਤਾ ਨੇ ਚੰਡੀਗੜ੍ਹ ਪੁਲੀਸ ਕੋਲ ਸ਼ਿਕਾਇਤ ਕੀਤੀ ਤਾਂ ਮੁਲਜ਼ਮ ਨੇ ਹਰਿਆਣਾ ਪੁਲੀਸ ਕੋਲ ਸ਼ਿਕਾਇਤ ਕਰ ਦਿੱਤੀ। ਉਪਰੰਤ ਹਰਿਆਣਾ ਦੇ ਡੀਜੀਪੀ ਨੇ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ। ਇਹ ਪੜਤਾਲੀਆ ਟੀਮ ਵਧੀਕ ਡੀਜੀਪੀ ਰੋਹਤਕ ਰੇਂਜ ਆਈਪੀਐੱਸ ਅਧਿਕਾਰੀ ਮਮਤਾ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਸੀ ਜਿਸ ਵਿਚ ਆਈਪੀਐੱਸ ਸਮਰ ਪ੍ਰਤਾਪ ਸਿੰਘ ਅਤੇ ਰਾਜ ਕੁਮਾਰ (ਐੱਚਪੀਐੱਸ, ਏਸੀਪੀ ਪੰਚਕੂਲਾ) ਸ਼ਾਮਲ ਸਨ। ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅੱਜ ਤਕ ਜਨਤਕ ਨਹੀਂ ਕੀਤੀ ਗਈ ਹੈ। ਵਕੀਲ ਨੇ ਕਿਹਾ ਕਿ ਮੁਲਜ਼ਮ ਦਾ ਅਪਰਾਧ ਸਮੇਂ ਅਤੇ ਬਾਅਦ ਦਾ ਵਿਹਾਰ ਸਬੂਤ ਦਾ ਢੁਕਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਅਤੇ ਹੋਰ ਦਸਤਾਵੇਜ਼ ਇਸ ਕੇਸ ਵਿੱਚ ਅਹਿਮ ਸਬੂਤ ਹਨ ਅਤੇ ਜੇਕਰ ਇਨ੍ਹਾਂ ਨੂੰ ਪੇਸ਼ ਕਰਨ ਦਾ ਹੁਕਮ ਨਾ ਦਿੱਤਾ ਗਿਆ ਤਾਂ ਪੀੜਤ ਦੇ ਮਨੁੱਖੀ ਹੱਕਾਂ ਦਾ ਘਾਣ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਮਾਮਲੇ ਦੀ ਸ਼ਿਕਾਇਤ ਚੰਡੀਗੜ੍ਹ ਪੁਲੀਸ ਕੋਲ ਦਿੱਤੀ ਗਈ ਸੀ ਪਰ ਹਰਿਆਣਾ ਪੁਲੀਸ ਵੱਲੋਂ ਵਿਸ਼ੇਸ਼ ਜਾਂਚ ਟੀਮ ਕਿਸ ਆਧਾਰ ਅਤੇ ਕਿਸ ਦੇ ਹੁਕਮਾਂ ’ਤੇ ਗਠਿਤ ਕੀਤੀ ਗਈ ਸੀ ਅਤੇ ਆਈਪੀਐੱਸ ਰੈਂਕ ਦੇ ਅਧਿਕਾਰੀਆਂ ਨੇ ਆਪਣੇ ਅਧਿਕਾਰ ਖੇਤਰ ਵਿੱਚ ਐੱਫਆਈਆਰ ਦਰਜ ਕੀਤੇ ਬਿਨਾਂ ਮਾਮਲੇ ਦੀ ਜਾਂਚ ਕਿਸ ਤਰ੍ਹਾਂ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਹਾਲੇ ਵੀ ਰਹੱਸ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ-26 ਸਥਿਤ ਥਾਣੇ ਦੀ ਪੁਲੀਸ ਨੇ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਸਾਬਕਾ ਮੰਤਰੀ ਖ਼ਿਲਾਫ਼ 31 ਦਸੰਬਰ 2022 ਨੂੰ ਕੇਸ ਦਰਜ ਕੀਤਾ ਸੀ। ਅਦਾਲਤ ਪਹਿਲਾਂ ਹੀ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਖ਼ਿਲਾਫ਼ ਦੋਸ਼ ਤੈਅ ਕਰ ਚੁੱਕੀ ਹੈ।

Advertisement

Advertisement