ਓਟੀਟੀ ਤੇ ਹੋਰ ਡਿਜੀਟਲ ਪਲੈਟਫਾਰਮਾਂ ’ਤੇ ਪਾਈ ਜਾਂਦੀ ਸਮੱਗਰੀ ਨੂੰ ਰੈਗੂਲੇਟ ਕਰਨ ਲਈ ਖ਼ੁਦਮੁਖਤਿਆਰ ਸੰਸਥਾ ਦੇ ਗਠਨ ਦੀ ਅਪੀਲ
ਨਵੀਂ ਦਿੱਲੀ, 10 ਸਤੰਬਰ
ਸੁਪਰੀਮ ਕੋਰਟ ਵਿੱਚ ਅੱਜ ਇਕ ਜਨਹਿੱਤ ਪਟੀਸ਼ਨ ਦਾਇਰ ਕਰ ਕੇ ਭਾਰਤ ਵਿੱਚ ‘ਓਵਰ ਦਿ ਟੌਪ’ (ਓਟੀਟੀ) ਅਤੇ ਹੋਰ ਡਿਜੀਟਲ ਪਲੈਟਫਾਰਮਾਂ ’ਤੇ ਸਮੱਗਰੀ ਦੀ ਨਿਗਰਾਨੀ ਤੇ ਰੈਗੂਲੇਟ ਕਰਨ ਲਈ ਇਕ ਖ਼ੁਦਮੁਖਤਿਆਰ ਇਕਾਈ ਗਠਿਤ ਕਰਨ ਸਬੰਧੀ ਕੇਂਦਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਜਨਹਿੱਤ ਪਟੀਸ਼ਨ ਵਿੱਚ ‘ਨੈੱਟਫਲਿਕਸ’ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਵੈੱਬ ਲੜੀ ‘ਆਈਸੀ814: ਦਿ ਕੰਧਾਰ ਹਾਈਜੈਕ’ ਦਾ ਜ਼ਿਕਰ ਵੀ ਕੀਤਾ ਗਿਆ ਹੈ ਤਾਂ ਜੋ ਇਕ ਰੈਗੂਲੇਟਰੀ ਤੰਤਰ ਦੀ ਲੋੜ ਨੂੰ ਉਜਾਗਰ ਕੀਤਾ ਜਾ ਸਕੇ ਕਿਉਂਕਿ ਓਟੀਟੀ ਪਲੈਟਫਾਰਮ ਦਾ ਦਾਅਵਾ ਹੈ ਕਿ ਇਹ ਲੜੀ ਅਸਲ ਜੀਵਨ ਦੀਆਂ ਘਟਨਾਵਾਂ ’ਤੇ ਆਧਾਰਿਤ ਹੈ। ਵਕੀਲ ਸ਼ਸ਼ਾਂਕ ਸ਼ੇਖਰ ਝਾਅ ਅਤੇ ਅਪੂਰਵਾ ਅਰਹਤੀਆ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਕਿਹਾ ਗਿਆ ਹੈ, ‘‘ਹਾਲਾਂਕਿ, ਲੜੀ ਵਿੱਚ ਜੋ ਕੁਝ ਦਿਖਾਇਆ ਗਿਆ ਹੈ, ਉਹ ਇਤਿਹਾਸ ਨੂੰ ਮੁੜ ਤੋਂ ਲਿਖਣ, ਅਸਲ ਅਗਵਾਕਾਰਾਂ ਵੱਲੋਂ ਕੀਤੇ ਗਏ ਦਹਿਸ਼ਤੀ ਕਾਰੇ ਨੂੰ ਘੱਟ ਕਰ ਕੇ ਦਿਖਾਉਣ ਅਤੇ ਉਨ੍ਹਾਂ ਦੇ ਕਾਰਿਆਂ ਦਾ ਗੁਣਗਾਨ ਕਰਨ ਦੀ ਇਕ ਘਿਨੌਣੀ ਕੋਸ਼ਿਸ਼ ਹੈ।’’ -ਪੀਟੀਆਈ