ਚੰਦੂਮਾਜਰਾ ਤੇ ਜਗੀਰ ਕੌਰ ਖ਼ਿਲਾਫ਼ ਕਾਰਵਾਈ ਦੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 28 ਜਨਵਰੀ
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਦਾ ਵਫ਼ਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਮ ਪੱਤਰ ਅਤੇ ਪੇਨ ਡਰਾਈਵ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਸੌਂਪੀ ਹੈ। ਇਸ ਵਿੱਚ 2 ਦਸੰਬਰ ਨੂੰ ਸ੍ਰੀ ਆਕਾਲ ਤਖ਼ਤ ਦੀ ਫਸੀਲ ਦੇ ਸਾਹਮਣੇ ਖੜ੍ਹ ਕੇ ਝੂਠ ਬੋਲਣ ਦੇ ਦੋਸ਼ ਹੇਠ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰੀ ਨਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਇਹ ਪੇਨ ਡਰਾਈਵ ਅਤੇ ਗਿਆਨੀ ਰਘੁਬੀਰ ਸਿੰਘ ਦੇ ਨਾਮ ਇਹ ਪੱਤਰ ਸੌਂਪਿਆ ਗਿਆ ਹੈ । ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਬੱਜਰ ਗੁਨਾਹਾਂ ਲਈ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਨੂੰ ਜਲਦ ਸਖ਼ਤ ਸਜ਼ਾ ਸੁਣਾਈ ਜਾਵੇਗੀ। ਇਸ ਮੌਕੇ ਯੂਥ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਡੋਕੇਟ ਰਾਜ ਕਮਲ ਸਿੰਘ, ਕੁਲਦੀਪ ਸਿੰਘ ਟਾਂਡੀ, ਸੁਲਤਾਨ ਸਿੰਘ ਅਤੇ ਜ਼ਿਲ੍ਹਾ ਤਰਨ ਤਾਰਨ ਤੋਂ ਯੂਥ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ, ਕਪੂਰਥਲਾ ਤੋਂ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਧਾਲੀਵਾਲ ਅਤੇ ਹੋਰ ਯੂਥ ਆਗੂ ਮੌਜੂਦ ਸਨ।