ਡੇਰਾ ਮੁਖੀ ਨੂੰ ਮੁਆਫ਼ੀ: ਅਕਾਲ ਤਖ਼ਤ ਨੇ ਤਿੰਨ ਜਥੇਦਾਰਾਂ ਤੋਂ ਸਪੱਸ਼ਟੀਕਰਨ ਮੰਗਿਆ
* ਦੋ ਦਸੰਬਰ ਦੀ ਮੀਟਿੰਗ ਤੋਂ ਪਹਿਲਾਂ ਸਪੱਸ਼ਟੀਕਰਨ ਸੌਂਪਣ ਦੇ ਨਿਰਦੇਸ਼
* ਨੌਂ ਸਾਲਾਂ ’ਚ ਪਹਿਲੀ ਵਾਰ ਵਿਚਾਰਿਆ ਜਾ ਰਿਹੈ ਮਾਮਲਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਨਵੰਬਰ
ਸਾਲ 2015 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖ਼ਤ ਤੋਂ ਬਿਨਾਂ ਮੁਆਫ਼ੀ ਮੰਗਿਆਂ ਮੁਆਫ਼ ਕਰਨ ਦੇ ਮਾਮਲੇ ’ਚ ਤਕਰੀਬਨ ਨੌਂ ਸਾਲਾਂ ’ਚ ਪਹਿਲੀ ਵਾਰ ਉਸ ਵੇਲੇ ਦੇ ਤਿੰਨ ਜਥੇਦਾਰਾਂ ਕੋਲੋਂ ਸਪੱਸ਼ਟੀਕਰਨ ਮੰਗੇ ਗਏ ਹਨ। ਸੁਖਬੀਰ ਸਿੰਘ ਬਾਦਲ ਤੇ ਹੋਰ ਅਕਾਲੀ ਆਗੂਆਂ ਦਾ ਮਾਮਲਾ ਵਿਚਾਰਦੇ ਹੋਏ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਡੇਰਾ ਮੁਖੀ ਨੂੰ ਮੁਆਫ਼ੀ ਦੇਣ ਦਾ ਮਾਮਲਾ ਵੀ ਵਿਚਾਰਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬਾਗ਼ੀ ਅਕਾਲੀ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਵਿੱਚ ਇੱਕ ਦੋਸ਼ ਇਹ ਵੀ ਸ਼ਾਮਿਲ ਸੀ ਕਿ ਅਕਾਲੀ ਸਰਕਾਰ ਵੇਲੇ ਸੁਖਬੀਰ ਸਿੰਘ ਬਾਦਲ ਨੇ ਆਪਣਾ ਪ੍ਰਭਾਵ ਵਰਤ ਕੇ ਸ੍ਰੀ ਅਕਾਲ ਤਖ਼ਤ ਤੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦਿਵਾਈ ਸੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਿਹੜੇ ਤਿੰਨ ਜਥੇਦਾਰਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ, ਉਨ੍ਹਾਂ ਵਿੱਚ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਸ਼ਾਮਿਲ ਹਨ। ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਵਿੱਚ ਇਨ੍ਹਾਂ ਸਾਬਕਾ ਜਥੇਦਾਰਾਂ ਕੋਲੋਂ ਫਿਲਹਾਲ ਸਿਰਫ ਸਪੱਸ਼ਟੀਕਰਨ ਮੰਗਿਆ ਗਿਆ ਹੈ ਅਤੇ ਉਨ੍ਹਾਂ ਨੂੰ ਤਲਬ ਨਹੀਂ ਕੀਤਾ ਹੈ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣਾ ਸਪੱਸ਼ਟੀਕਰਨ ਦੋ ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਵਿਖੇ ਸੌਂਪਣ। ਬਰਖਾਸਤ ਕੀਤੇ ਹੋਏ ਪੰਜ ਪਿਆਰਿਆਂ ਵਿੱਚ ਸ਼ਾਮਿਲ ਭਾਈ ਸਤਨਾਮ ਸਿੰਘ ਖੰਡਾ ਨੇ ਸ੍ਰੀ ਅਕਾਲ ਤਖ਼ਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ।