For the best experience, open
https://m.punjabitribuneonline.com
on your mobile browser.
Advertisement

ਸਾਰਥਕ ਰਚਨਾਵਾਂ ਰਚਣ ਲਈ ਪ੍ਰੇਰਦਾ ‘ਮੁਆਫ਼ੀਨਾਮਾ’

11:11 AM Oct 25, 2023 IST
ਸਾਰਥਕ ਰਚਨਾਵਾਂ ਰਚਣ ਲਈ ਪ੍ਰੇਰਦਾ ‘ਮੁਆਫ਼ੀਨਾਮਾ’
Advertisement

ਸੁਰਜੀਤ

ਕਵਿੰਦਰ ਚਾਂਦ ਸਾਡੇ ਸਮਿਆਂ ਦਾ ਉਹ ਸੰਵੇਦਨਸ਼ੀਲ ਸ਼ਾਇਰ ਹੈ ਜਿਸ ਦੀ ਸ਼ਾਇਰੀ ਵਿੱਚ ਰੂਹ ’ਚ ਉਤਰ
ਜਾਣ ਦਾ ਹੁਨਰ ਵਿਦਮਾਨ ਹੈ। ਮੈਂ ਪਹਿਲਾਂ ਵੀ ਉਸ ਦੀ ‘ਕਣ ਕਣ’ ਪੜ੍ਹ ਕੇ ਉਸ ਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਇਸੇ ਕਰਕੇ ਅੱਜ ਜਦੋਂ ਅਚਾਨਕ ਉਸ ਦਾ ਨਵਾਂ ਕਾਵਿ-ਸੰਗ੍ਰਹਿ ਕੁਝ ਘੰਟਿਆਂ ਲਈ ਹੀ ਮੇਰੇ ਹੱਥ ’ਚ ਸੀ ਤਾਂ ਇਸ ਨੂੰ ਕਾਹਲੀ ਕਾਹਲੀ
ਪੜ੍ਹਨ ਦਾ ਲਾਲਚ ਜਾਗ ਪਿਆ। ਪਹਿਲੀ ਹੀ ਗ਼ਜ਼ਲ ਨੇ ਮੋਹ ਲਿਆ। ਆਪਣੇ ਆਪ ਨੂੰ ਪਹਿਚਾਨਣਾ ਬਹੁਤ ਔਖਾ ਹੈ, ਪਰ ਇਸ ਸੰਗ੍ਰਹਿ ਦੀ ਪਹਿਲੀ ਗ਼ਜ਼ਲ ਹੀ ਸਵੈ ਤੋਂ ਸ਼ੁਰੂ ਹੋਈ:
ਮੇਰੇ ਅੰਦਰ ਸੀ ਉੱਠਦੇ ਵਾ ਵਰੋਲੇ
ਮੈਂ ਖ਼ੁਦ ਫਿਰ ਆਪਣੇ ਪੰਨੇ ਫਰੋਲੇ
ਬੜਾ ਕੁਝ ਨਿਕਲਿਆ ਹੈ ਮਾਣ ਮੱਤਾ
ਬੜਾ ਕੁਝ ਬੇਜ਼ਮੀਰਾ ਨਿਕਲਿਆ ਹੈ
ਇਸ ਸ਼ਿਅਰ ਨੂੰ ਬਾਰ ਬਾਰ ਪੜ੍ਹਨ ਲਈ ਜੀਅ ਕਰਦਾ ਹੈ। ਗੁਰੂ ਨਾਨਕ ਸਾਹਿਬ ਬਾਰੇ ਪੂਰੇ ਸੰਸਾਰ ਭਰ ਵਿੱਚ ਬਹੁਤ ਕੁਝ ਲਿਖਿਆ ਗਿਆ। ਚਾਂਦ ਦੇ ਸ਼ਬਦਾਂ ਦਾ ਕਮਾਲ ਵੇਖੋ:
ਨਾਨਕ ਕੋਈ ਨਾਮ ਨਹੀਂ ਹੈ
ਨਾਨਕ ਕੋਈ ਧਾਮ ਨਹੀਂ ਹੈ
ਨਾਨਕ ਹੈ ਇੱਕ ਗੀਤ ਇਲਾਹੀ
ਕਣਕਣ ਵਿੱਚ ਪਰੋਇਆ ਹੋਇਆ
ਕਈ ਵਾਰ ਇਹ ਸ਼ਾਇਰ ਚਿੰਤਕ ਬਣ ਜਾਂਦਾ ਹੈ, ਉਂਝ ਭਾਵੇਂ ਹਰ ਲੇਖਕ ਚਿੰਤਕ ਹੀ ਹੁੰਦਾ ਹੈ, ਪਰ ਇਹ ਚਿੰਤਨ ਆਮ ਬੰਦੇ ਨੂੰ ਮੁਆਫ਼ੀ ਮੰਗਣ ਦੀ ਸਲਾਹ ਦੇ ਕੇ ਖ਼ਾਸ ਬਣਾ ਦਿੰਦਾ ਹੈ। ਸਾਰੀ ਕਵਿਤਾ ਪੜ੍ਹਨ ਵਾਲੀ ਹੈ, ਕੁਝ ਸਤਰਾਂ ਵੇਖੋ:
ਮੁਆਫ਼ੀ ਮੰਗ ਕੇ ਇੱਕ ਆਮ ਬੰਦਾ
ਖ਼ਾਸ ਹੋ ਜਾਂਦੈ
ਮੁਆਫ਼ੀ ਮੰਗਿਆਂ
ਧਰਤੀ ਜਿਹਾ ਧਰਵਾਸ ਹੋ ਜਾਂਦੈ
ਮੁਆਫ਼ੀ ਨਫ਼ਰਤਾਂ ਦੇ ਬੀਜ ਸਾਰੇ
ਸਾੜ ਸਕਦੀ ਹੈ
ਇਹ ਚਾਲੀ ਮੁਕਤਿਆਂ ਵਾਲਾ ਬੇਦਾਵਾ
ਪਾੜ ਸਕਦੀ ਹੈ
ਇਹ ਸਾਡਾ ਮਾਣਮੱਤਾ ਸ਼ਾਇਰ ਦੁਨੀਆ ਭਰ ਦੇ ਵਰਤਾਰਿਆਂ ਦਾ ਫਿਕਰ ਕਰਦਾ ਹੈ। ਕਣ ਕਣ ਵਿੱਚ ਉਸ ਨੇ ਮੰਗਤਿਆਂ, ਖ਼ਾਸ ਕਰ ਕੇ ਮੰਗਤੀਆਂ, ਬੱਚਿਆਂ ਅਤੇ ਮਜ਼ਲੂਮਾਂ ਲਈ ਸੰਵੇਦਨਾ ਭਰਪੂਰ ਸ਼ਿਅਰ ਲਿਖੇ। ਉਹ ਚਾਹੁੰਦਾ ਹੈ ਕਿ ਸਾਰੇ ਕਲਮਕਾਰ ਸਮਾਜ ਵਿੱਚ ਆ ਰਹੀ ਅਧੋਗਤੀ ਬਾਰੇ ਬੋਲਣ। ਇਸ ਲਈ ਉਹ ਬਹੁਤ ਜ਼ੋਰਦਾਰ ਸ਼ਬਦਾਂ ਵਿੱਚ ਆਵਾਜ਼ ਉਠਾਉਂਦਾ ਹੈ:
ਸਮਾਂ ਬੋਲਣ ਦਾ ਹੈ
ਕਵੀਓ, ਕਲਮਕਾਰੋ, ਸੰਵੇਦਨਸ਼ੀਲ ਲੋਕੋ
ਫਿਲਮਸਾਜ਼ੋ, ਓ ਅਦਾਕਾਰੋ!
ਸ਼ਬਦ ਖਾਮੋਸ਼ ਨੇ, ਪਹਿਰੇ ’ਚ ਨੇ
ਕਲਮਾਂ ਦੀ ਕਿਉਂ ਜੀਭ ਠਾਕੀ ਹੈ
ਐ ਫਨਕਾਰੋ
ਸਮਾਂ ਬੋਲਣ ਦਾ ਹੈ
ਬੋਲੋ!
ਪਰ ਨਾਲ ਹੀ ਇਸ ਗੱਲ ਦੀ ਚਿੰਤਾ ਕਰਦਾ ਹੈ ਕਿ ਅੱਜ ਦਾ ਕਵੀ ਅਜਿਹਾ ਕੁਝ ਵੀ ਅਸਰਦਾਰ ਨਹੀਂ ਲਿਖ ਰਿਹਾ। ਜੋ ਉਹ ਲਿਖ ਰਿਹਾ ਹੈ ਜੇ ਉਹ ਇਨਸਾਨੀਅਤ ਦਾ ਕੁਝ ਸੁਆਰ ਨਹੀਂ ਸਕਦਾ ਤਾਂ ਉਹ ਲਿਖਦਾ ਹੀ ਕਿਉਂ ਹੈ? ਦੂਜੇ ਸ਼ਬਦਾਂ ਵਿਚ ਉਹ ਅੱਜ ਦੇ ਕਲਮਕਾਰਾਂ ਨੂੰ ਸਾਰਥਕ ਰਚਨਾਵਾਂ ਰਚਣ ਲਈ ਪ੍ਰੇਰਦਾ ਹੈ ਜੋ ਮਨੁੱਖ ਨੂੰ ਕੋਈ ਸੇਧ ਦੇ ਸਕਣ:
ਨਾ ਕਵਿਤਾ ਹੁਣ ਯੁੱਗ ਪਲਟਾਵੇ
ਨਾ ਜਾਬਰ ਸੰਗ ਆਢੇ ਲਾਵੇ
ਨਾ ਕੁਦਰਤ ਦਾ ਗੀਤ ਹੈ ਬਣਦੀ
ਨਾ ਰੂਹ ਦਾ ਸੰਗੀਤ ਹੈ ਬਣਦੀ
ਨਾ ਤਾਂ ਸੁੱਤੇ ਲੋਕ ਜਗਾਵੇ
ਨਾ ਸੋਚਾਂ ਵਿੱਚ ਭਾਂਬੜ ਲਾਵੇ
ਫਿਰ ਕਵਿਤਾਵਾਂ ਕਿਉਂ ਲਿਖਦੇ ਹਾਂ?
ਅਸੀਂ ਕਿਤਾਬਾਂ ਕਿਉਂ ਲਿਖਦੇ ਹਾਂ?
ਕਵਿੰਦਰ ਚਾਂਦ ਨੇ ਆਪਣੀ ਕਵਿਤਾ ਵਿੱਚ ਆਪਣੇ ਵਿਰਸੇ ਅਤੇ ਆਪਣੇ ਇਤਿਹਾਸ ਨਾਲ ਇੱਕ ਅਹਿਮ ਰਿਸ਼ਤਾ ਬਣਾ ਕੇ ਰੱਖਿਆ ਹੋਇਆ ਹੈ। ਵੇਖੋ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਲਿਖੀ ਇੱਕ ਨਜ਼ਮ:
ਇੱਕ ਚੌਕ ਚਾਨਣੀ ਹੈ
ਪੁੱਤਰ ਹਨੇਰਿਆਂ ਦਾ
ਬੈਠਾ ਅਡੋਲ ਆਸ਼ਕ
ਬਾਪੂ ਸਵੇਰਿਆਂ ਦਾ
ਗੱਜਦਾ ਜਲਾਦ ਆਇਆ
ਭੜਥੂ ਜਿਹਾ ਮਚਾਇਆ
ਚਾਨਣ ਦੇ ਚਸ਼ਮਿਆਂ ਨੂੰ
ਨੇਰ੍ਹਾ ਡਰਾਉਣ ਆਇਆ
ਅਸੀਂ ਸਾਰੇ ਇੱਕੋ ਮਿੱਟੀ ’ਚੋਂ ਪੈਦਾ ਹੁੰਦੇ ਹਾਂ, ਇੱਕੋ ਪੌਣ ਪਾਣੀ ’ਚ ਜਿਉਂਦੇ ਹਾਂ, ਇੱਕੋ ਕੌਸਮਿਕ ਊਰਜਾ ਸਾਨੂੰ ਚਲਾ ਰਹੀ ਹੈ। ਇਸ ਨਾਤੇ ਅਸੀਂ ਸਾਰੇ ਇੱਕੋ ਹੀ ਹਾਂ। ਰੱਬ ਹੋਰ ਕੁਝ ਨਹੀਂ ਇਸ ਬ੍ਰਹਿਮੰਡ ਨੂੰ ਚਲਾਉਣ ਵਾਲੀ ਸ਼ਕਤੀ ਦਾ ਹੀ ਨਾਂ ਹੈ। ਗੁਰਬਾਣੀ ’ਚ ਲਿਖਿਆ ਹੋਇਆ ਹੈ: ਜੋ ਬ੍ਰਹਿਮੰਡੇ ਸੋਈ ਪਿੰਡੇ।। ਇਸ ਲਈ ਕਵੀ ਕਹਿੰਦਾ ਹੈ ਕਿ ਜੇ ਸਭ ਨੂੰ ਚਲਾਉਣ ਵਾਲੀ ਸ਼ਕਤੀ ਵੱਡਾ ਰੱਬ ਹੈ ਤਾਂ ਅਸੀਂ ਛੋਟੇ ਰੱਬ ਹਾਂ, ਕੀਤੀ ਨਾ ਕਮਾਲ ਦੀ ਗੱਲ:
ਰੱਬ ਇੱਕ ਨਹੀਂ ਹੁੰਦਾ
ਦੋ ਹੁੰਦੇ
ਵੱਡਾ, ਛੋਟਾ!
ਵੱਡਾ ਰੱਬ ਨੂਰੋ ਨੂਰ
ਅਕਾਲ ਮੂਰਤ
ਆਦਿ ਸੱਚ
ਇਲਾਹੀ ਜੋਤ!
ਹਰ ਬੰਦਾ ਹਰ ਜੀਅ
ਇਲਾਹੀ ਜੋਤ ਵਿੱਚੋਂ ਉਪਜਦਾ
ਜੋਤ ਸਰੂਪ ਹੁੰਦਾ!
ਹਰ ਬੰਦਾ ਛੋਟਾ ਰੱਬ ਹੁੰਦਾ
ਅਸੀਂ ਸਭ ਛੋਟੇ ਛੋਟੇ ਰੱਬ!
ਇਹ ਸ਼ਬਦ ‘ਮੁਆਫ਼ੀਨਾਮਾ’ ਦੀਆਂ ਗਜ਼ਲਾਂ/ਨਜ਼ਮਾਂ ਨਾਲ ਜਾਣ-ਪਛਾਣ ਕਰਵਾਉਣ ਦਾ ਬਹੁਤ ਛੋਟਾ ਜਿਹਾ ਯਤਨ ਹੈ। ਇਸ ਵਿੱਚ ਕਵੀ ਦੇ ਆਪਣੇ ਨਿੱਜੀ ਜੀਵਨ ਦੇ ਤਜਰਬੇ, ਆਪਣੇ ਮਾਣ ਮੱਤੇ ਵਿਰਸੇ ਦੇ ਕਿੱਸੇ ਅਤੇ ਅਜੋਕੇ ਹਾਲਾਤ ਦਾ ਫਿਕਰ ਵਿਦਮਾਨ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਕਵਿਤਾ ਬੌਧਿਕ ਅਤੇ ਚਿੰਤਨਸ਼ੀਲ ਹੋ ਕੇ ਵੀ ਸਹਿਜ, ਸੰਵੇਦਨਾ ਭਰਪੂਰ, ਸੁਹਜਮਈ ਅਤੇ ਸਮਝਣ ਵਿੱਚ ਸੌਖੀ ਹੈ ਜਿਸ ਨੂੰ ਪੜ੍ਹ/ਸੁਣ ਕੇ ਹਰ ਮਨੁੱਖ ਸੋਚਦਾ ਵੀ ਹੈ ਅਤੇ ਸਮਝਦਾ ਵੀ ਹੈ।

Advertisement

Advertisement
Advertisement
Author Image

sukhwinder singh

View all posts

Advertisement