For the best experience, open
https://m.punjabitribuneonline.com
on your mobile browser.
Advertisement

ਭਾਜਪਾ-ਆਰਐੱਸਐੱਸ ਤੋਂ ਇਲਾਵਾ ‘ਭਾਰਤ ਰਾਜ’ ਨਾਲ ਵੀ ਲੜ ਰਹੀ ਹੈ ਕਾਂਗਰਸ: ਰਾਹੁਲ

06:18 AM Jan 16, 2025 IST
ਭਾਜਪਾ ਆਰਐੱਸਐੱਸ ਤੋਂ ਇਲਾਵਾ ‘ਭਾਰਤ ਰਾਜ’ ਨਾਲ ਵੀ ਲੜ ਰਹੀ ਹੈ ਕਾਂਗਰਸ  ਰਾਹੁਲ
Advertisement

* ਦੇਸ਼ ਦੀ ਹਰ ਸੰਵਿਧਾਨਕ ਸੰਸਥਾ ’ਤੇ ਭਾਜਪਾ ਤੇ ਆਰਐੱਸਐੱਸ ਦਾ ਕਬਜ਼ਾ ਹੋਣ ਦਾ ਕੀਤਾ ਦਾਅਵਾ

Advertisement

ਨਵੀਂ ਦਿੱਲੀ, 15 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਜਪਾ-ਆਰਐੱਸਐੱਸ ਦੇ ਨਾਲ-ਨਾਲ ਖੁਦ ‘ਭਾਰਤ ਰਾਜ’(ਇੰਡੀਅਨ ਸਟੇਟ) ਨਾਲ ਵੀ ਲੜ ਰਹੀ ਹੈ। ਇੱਥੇ ਨਵੇਂ ਕਾਂਗਰਸ ਹੈੱਡਕੁਆਰਟਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਇਹ ਟਿੱਪਣੀ ਕਿ ਰਾਮ ਮੰਦਰ ਦੇ ਅਭਿਸ਼ੇਕ ਮਗਰੋਂ ਭਾਰਤ ਨੂੰ ‘ਸੱਚੀ ਆਜ਼ਾਦੀ’ ਮਿਲੀ, ਦੇਸ਼ ਧਰੋਹ ਦੇ ਬਰਾਬਰ ਤੇ ਹਰ ਭਾਰਤੀ ਦਾ ਅਪਮਾਨ ਹੈ।
ਉਨ੍ਹਾਂ ਸਮਾਗਮ ’ਚ ਕਾਂਗਰਸ ਆਗੂਆਂ ਨੂੰ ਕਿਹਾ, ‘ਇਹ ਨਾ ਸੋਚੋ ਕਿ ਅਸੀਂ ਨਿਰਪੱਖ ਸਥਿਤੀ ਵਾਲੀ ਲੜਾਈ ਲੜ ਰਹੇ ਹਾਂ। ਇਸ ਵਿੱਚ ਕੋਈ ਨਿਰਪੱਖਤਾ ਨਹੀਂ ਹੈ। ਜੇ ਤੁਸੀਂ ਸੋਚਦੇ ਹੋ ਕਿ ਅਸੀਂ ਭਾਜਪਾ ਨਾਂ ਦੀ ਸਿਆਸੀ ਜਥੇਬੰਦੀ ਅਤੇ ਆਰਐੱਸਐੱਸ ਖ਼ਿਲਾਫ਼ ਲੜ ਰਹੇ ਹਾਂ ਤਾਂ ਅਜਿਹਾ ਨਹੀਂ ਹੈ।’ ਉਨ੍ਹਾਂ ਕਿਹਾ, ‘ਭਾਜਪਾ ਤੇ ਆਰਐੱਸਐੱਸ ਨੇ ਦੇਸ਼ ਦੀ ਹਰ ਸੰਸਥਾ ’ਤੇ ਕਬਜ਼ਾ ਕਰ ਲਿਆ ਹੈ। ਅਸੀਂ ਹੁਣ ਭਾਜਪਾ ਤੇ ਆਰਐੱਸਐੱਸ ਦੇ ਨਾਲ ਨਾਲ ‘ਇੰਡੀਅਨ ਸਟੇਟ’ ਨਾਲ ਵੀ ਲੜ ਰਹੇ ਹਾਂ।’ ਉਨ੍ਹਾਂ ਕਿਹਾ ਕਿ ਉਹ ਅਜਿਹੇ ਮੁਸ਼ਕਲ ਸਮੇਂ ਅੰਦਰ ਵਿਚਾਰਧਾਰਾਵਾਂ ਦੀ ਲੜਾਈ ਲੜ ਰਹੇ ਹਨ ਜਦੋਂ ਸੰਸਥਾਵਾਂ ’ਤੇ ਭਾਜਪਾ ਤੇ ਆਰਐੱਸਐੱਸ ਨੇ ਕਬਜ਼ਾ ਕਰ ਲਿਆ ਹੈ ਅਤੇ ਜਾਂਚ ਏਜੰਸੀਆਂ ਦੀ ਵਰਤੋਂ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਕੀਤੀ ਜਾ ਰਹੀ ਹੈ।
ਕਾਂਗਰਸ ਆਗੂ ਨੇ ਚੋਣ ਕਮਿਸ਼ਨ ਨੂੰ ਵੀ ਨਿਸ਼ਾਨੇ ’ਤੇ ਲਿਆ ਅਤੇ ਦੋਸ਼ ਲਾਇਆ ਕਿ ਦੇਸ਼ ਦੀ ਚੋਣ ਪ੍ਰਣਾਲੀ ’ਚ ਕੋਈ ‘ਗੰਭੀਰ ਸਮੱਸਿਆ’ ਹੈ ਅਤੇ ਮਹਾਰਾਸ਼ਟਰ ਤੇ ਹਰਿਆਣਾ ਚੋਣਾਂ ’ਚ ਵੋਟਰ ਸੂਚੀਆਂ ਦੇ ਮੁੱਦੇ ’ਤੇ ਚੋਣ ਕਮਿਸ਼ਨ ਨੂੰ ਸਪੱਸ਼ਟੀਕਰਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਦਾ ਨਵਾਂ ਹੈੱਡਕੁਆਰਟਰ ਅਜਿਹੇ ਸਮੇਂ ਮਿਲਿਆ ਹੈ ਜਦੋਂ ਆਰਐੱਸਐੱਸ ਮੁਖੀ ਕਹਿ ਰਹੇ ਹਨ ਕਿ ਭਾਰਤ ਨੂੰ ਆਜ਼ਾਦੀ 1947 ਵਿੱਚ ਨਹੀਂ ਮਿਲੀ ਜਦਕਿ ਅਸਲ ਆਜ਼ਾਦੀ ਉਸ ਸਮੇਂ ਮਿਲੀ ਜਦੋਂ ਰਾਮ ਮੰਦਰ ਦਾ ਨਿਰਮਾਣ ਹੋਇਆ। ਉਨ੍ਹਾਂ ਕਿਹਾ ਕਿ ਭਾਗਵਤ ਨੇ ਦਾਅਵਾ ਕੀਤਾ ਹੈ ਕਿ ਸੰਵਿਧਾਨ ਸਾਡੀ ਆਜ਼ਾਦੀ ਦਾ ਪ੍ਰਤੀਕ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ, ‘ਮੋਹਨ ਭਾਗਵਤ ਦੇਸ਼ ਕੋਲ ਇਹ ਕਹਿਣ ਦਾ ਹੌਸਲਾ ਹੈ ਕਿ ਉਹ ਆਜ਼ਾਦੀ ਸੰਘਰਸ਼ ਤੇ ਸੰਵਿਧਾਨ ਬਾਰੇ ਕੀ ਸੋਚਦੇ ਹਨ। ਅਸਲ ’ਚ ਉਨ੍ਹਾਂ ਕੱਲ ਜੋ ਕਿਹਾ ਉਹ ਦੇਸ਼ ਧਰੋਹ ਹੈ। ਕਿਉਂਕਿ ਉਹ ਕਹਿ ਰਹੇ ਹਨ ਕਿ ਸੰਵਿਧਾਨ ਤੇ ਹੋਰ ਸਭ ਕੁਝ ਬੇਮਾਇਨੇ ਹੈ। ਅੰਗਰੇਜ਼ਾਂ ਖ਼ਿਲਾਫ਼ ਲੜਾਈ ਅਵੈਧ ਸੀ।’ -ਪੀਟੀਆਈ

Advertisement

ਰਾਹੁਲ ਗਾਂਧੀ ਦਾ ਹਰ ਕਦਮ ਦੇਸ਼ ਨੂੰ ਤੋੜਨ ਵੱਲ: ਨੱਢਾ

ਨਵੀਂ ਦਿੱਲੀ:

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਢਾ ਨੇ ਅੱਜ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨਾਲ ਕਾਂਗਰਸ ਦਾ ‘ਭੱਦਾ ਸੱਚ’ ਸਾਹਮਣੇ ਆ ਗਿਆ ਹੈ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਹੁਣ ਭਾਜਪਾ, ਆਰਐੱਸਐੱਸ ਤੇ ‘ਇੰਡੀਅਨ ਸਟੇਟ’ ਨਾਲ ਲੜ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਨੇ ਜੋ ਕੁਝ ਵੀ ਕੀਤਾ ਜਾਂ ਕਿਹਾ ਹੈ, ਉਹ ਭਾਰਤ ਨੂੰ ਤੋੜਨ ਤੇ ਸਮਾਜ ਨੂੰ ਵੰਡਣ ਦੀ ਦਿਸ਼ਾ ਵੱਲ ਹੁੰਦਾ ਹੈ। ਨੱਢਾ ਨੇ ਐਕਸ ’ਤੇ ਲਿਖਿਆ ਕਿ ਇਹ ਕੋਈ ਰਹੱਸ ਨਹੀਂ ਹੈ ਕਿ ਰਾਹੁਲ ਗਾਂਧੀ ਤੇ ਉਸ ਦੇ ਤੰਤਰ ਦੇ ਸ਼ਹਿਰੀ ਨਕਸਲੀਆਂ ਅਤੇ ‘ਡੀਪ ਸਟੇਟ’ ਨਾਲ ਡੂੰਘੇ ਸਬੰਧ ਹਨ ਜੋ ਭਾਰਤ ਨੂੰ ‘ਬਦਨਾਮ, ਅਪਮਾਨਿਤ ਤੇ ਖਾਰਜ’ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘ਮੈਂ ਰਾਹੁਲ ਗਾਂਧੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿ ਉਨ੍ਹਾਂ ਸਪੱਸ਼ਟ ਤੌਰ ’ਤੇ ਉਹ ਕਹਿ ਦਿੱਤਾ ਜੋ ਦੇਸ਼ ਜਾਣਦਾ ਹੈ ਕਿ ਉਹ ਭਾਰਤ ਖ਼ਿਲਾਫ਼ ਲੜ ਰਹੇ ਹਨ।’ ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਉਨ੍ਹਾਂ ਸਾਰੀਆਂ ਤਾਕਤਾਂ ਨੂੰ ਹੱਲਾਸ਼ੇਰੀ ਦੇਣ ਦਾ ਇਤਿਹਾਸ ਰਿਹਾ ਹੈ ਜੋ ਕਮਜ਼ੋਰ ਭਾਰਤ ਚਾਹੁੰਦੇ ਹਨ। -ਪੀਟੀਆਈ

ਭਾਗਵਤ ਦਾ ਦੇਸ਼ ’ਚ ਘੁੰਮਣਾ-ਫਿਰਨਾ ਮੁਸ਼ਕਲ ਹੋ ਜਾਵੇਗਾ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਦੇ ‘ਸੱਚੀ ਆਜ਼ਾਦੀ’ ਵਾਲੇ ਬਿਆਨ ਦੀ ਨਿੰਦਾ ਕਰਦਿਆਂ ਕਿਹਾ ਕਿ ਜੇ ਉਹ ਅਜਿਹੇ ਬਿਆਨ ਦਿੰਦੇ ਰਹੇ ਤਾਂ ਦੇਸ਼ ’ਚ ਉਨ੍ਹਾਂ ਦਾ ਘੁੰਮਣਾ-ਫਿਰਨਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦੇ ਲੋਕਾਂ ਨੂੰ (1947 ’ਚ ਮਿਲੀ) ਆਜ਼ਾਦੀ ਯਾਦ ਨਹੀਂ ਹੈ ਕਿਉਂਕਿ ਉਨ੍ਹਾਂ ਦੇ ਵਿਚਾਰਕ ਪੁਰਖਿਆਂ ਦਾ ਆਜ਼ਾਦੀ ਸੰਘਰਸ਼ ’ਚ ਕੋਈ ਯੋਗਦਾਨ ਨਹੀਂ ਹੈ। ਉਨ੍ਹਾਂ ਆਰਐੱਸਐੱਸ ਤੇ ਭਾਜਪਾ ਦਾ ਜ਼ਿਕਰ ਕਰਦਿਆਂ ਕਿਹਾ, ‘(ਆਜ਼ਾਦੀ ਲਈ) ਉਹ ਕਦੀ ਲੜੇ ਨਹੀਂ, ਕਦੀ ਜੇਲ੍ਹ ਨਹੀਂ ਗਏ, ਇਸ ਲਈ ਉਨ੍ਹਾਂ ਨੂੰ ਆਜ਼ਾਦੀ ਬਾਰੇ ਕੁਝ ਵੀ ਯਾਦ ਨਹੀਂ ਹੈ। ਸਾਡੇ ਲੋਕ ਲੜੇ ਸਨ, ਜਾਨ ਗੁਆਈ ਸੀ, ਇਸ ਲਈ ਅਸੀਂ ਆਜ਼ਾਦੀ ਨੂੰ ਯਾਦ ਕਰਦੇ ਹਾਂ।’

Advertisement
Author Image

joginder kumar

View all posts

Advertisement