For the best experience, open
https://m.punjabitribuneonline.com
on your mobile browser.
Advertisement

ਹਾਥਰਸ ਮਾਮਲੇ ਦੀ ਜਾਂਚ ਲਈ ਕਿਸੇ ਨੂੰ ਵੀ ਸੱਦ ਸਕਦੇ ਹਾਂ: ਕਮਿਸ਼ਨ

06:56 AM Jul 08, 2024 IST
ਹਾਥਰਸ ਮਾਮਲੇ ਦੀ ਜਾਂਚ ਲਈ ਕਿਸੇ ਨੂੰ ਵੀ ਸੱਦ ਸਕਦੇ ਹਾਂ  ਕਮਿਸ਼ਨ
ਸੂਰਜਪਾਲ ਉਰਫ ਭੋਲੇ ਬਾਬਾ ਦੇ ਬਿੱਛਵਾਂ ਪਿੰਡ ਵਿੱਚ ਸਥਿਤ ਆਸ਼ਰਮ ਦੇ ਬਾਹਰ ਤਾਇਨਾਤ ਪੁਲੀਸ। -ਫੋਟੋ: ਰਾਇਟਰਜ਼
Advertisement

ਨੋਇਡਾ, 7 ਜੁਲਾਈ
ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਗਏ ਨਿਆਂਇਕ ਕਮਿਸ਼ਨ ਨੇ ਕਿਹਾ ਹੈ ਕਿ ਉਹ ਲੋੜ ਪੈਣ ’ਤੇ ਕਿਸੇ ਨੂੰ ਵੀ ਪੁੱਛ-ਪੜਤਾਲ ਲਈ ਸੱਦ ਸਕਦੇ ਹਨ। ਕਮਿਸ਼ਨ ਦੇ ਚੇਅਰਪਰਸਨ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਹਾਥਰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਛੇਤੀ ਹੀ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਸਥਾਨਕ ਲੋਕ ਅਤੇ ਚਸ਼ਮਦੀਦ/ਪ੍ਰਤੱਖਦਰਸ਼ੀ ਭਗਦੜ ਨਾਲ ਸਬੰਧਤ ਕੋਈ ਵੀ ਸਬੂਤ ਜਾਂ ਘਟਨਾ ਦੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰ ਸਕਣ। ਕਮਿਸ਼ਨ ਦੇ ਮੈਂਬਰ ਸਾਬਕਾ ਆਈਪੀਐੱਸ ਅਧਿਕਾਰੀ ਭਾਵੇਸ਼ ਕੁਮਾਰ ਨੂੰ ਜਦੋਂ ਭੋਲੇ ਬਾਬਾ ਤੋਂ ਪੁੱਛ-ਪੜਤਾਲ ਕਰਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਮਿਸ਼ਨ ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨਾਲ ਉਹ ਗੱਲਬਾਤ ਕਰਨਗੇ।
ਤਿੰਨ ਮੈਂਬਰੀ ਕਮਿਸ਼ਨ ’ਚ ਸਾਬਕਾ ਆਈਏਐੱਸ ਅਧਿਕਾਰੀ ਹੇਮੰਤ ਰਾਓ ਵੀ ਸ਼ਾਮਲ ਹਨ। ਕਮਿਸ਼ਨ ਨੇ ਹਾਥਰਸ ਦੇ ਲੋਕਾਂ ਨਾਲ ਐਤਵਾਰ ਨੂੰ ਗੱਲਬਾਤ ਕੀਤੀ। ਕਮਿਸ਼ਨ ਨੇ ਸ਼ਨਿਚਰਵਾਰ ਨੂੰ ਫੂਲਰਾਏ ਪਿੰਡ ਨੇੜੇ ਭਗਦੜ ਵਾਲੀ ਥਾਂ ਦਾ ਦੌਰਾ ਕੀਤਾ ਸੀ। ਐਤਵਾਰ ਸਵੇਰੇ ਵੀ ਟੀਮ ਨੇ ਜਾਂਚ ਜਾਰੀ ਰੱਖੀ। ਕਮਿਸ਼ਨ ਨੂੰ ਦੋ ਮਹੀਨਿਆਂ ’ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਯੂਪੀ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਵੀ ਬਣਾਈ ਗਈ ਹੈ ਜਿਸ ਦੀ ਅਗਵਾਈ ਆਗਰਾ ਜ਼ੋਨ ਦੇ ਏਡੀਜੀਪੀ ਅਨੁਪਮ ਕੁਲਸ਼੍ਰੇਸ਼ਠ ਕਰ ਰਹੇ ਹਨ। -ਪੀਟੀਆਈ

Advertisement

ਰਾਹੁਲ ਨੇ ਮੁਆਵਜ਼ਾ ਵਧਾਉਣ ਲਈ ਯੋਗੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਹਾਥਰਸ ਭਗਦੜ ਮਾਮਲੇ ਦੇ ਪੀੜਤਾਂ ਲਈ ਮੁਆਵਜ਼ੇ ਦੀ ਰਕਮ ਵਧਾਉਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਯੋਗੀ ਨੂੰ ਲਿਖੇ ਪੱਤਰ ’ਚ ਕਾਂਗਰਸ ਆਗੂ ਨੇ ਕਿਹਾ ਕਿ ਵਾਰਸਾਂ ਨੂੰ ਮੁਆਵਜ਼ਾ ਛੇਤੀ ਤੋਂ ਛੇਤੀ ਦਿੱਤਾ ਜਾਣਾ ਚਾਹੀਦਾ ਹੈ ਅਤੇ ਜ਼ਖ਼ਮੀਆਂ ਦਾ ਢੁੱਕਵਾਂ ਇਲਾਜ ਕੀਤਾ ਜਾਵੇ। ਰਾਹੁਲ ਨੇ ਸ਼ੁੱਕਰਵਾਰ ਨੂੰ ਹਾਥਰਸ ਭਗਦੜ ਮਾਮਲੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ। ਪੱਤਰ ’ਚ ਰਾਹੁਲ ਨੇ ਕਿਹਾ ਕਿ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਦਰਦ ਸੁਣਿਆ ਸੀ ਅਤੇ ਇਹ ਦੁੱਖ ਘਟਾਇਆ ਨਹੀਂ ਜਾ ਸਕਦਾ ਹੈ ਪਰ ਢੁੱਕਵਾਂ ਮੁਆਵਜ਼ਾ ਦੇ ਕੇ ਪਰਿਵਾਰਾਂ ਦੀ ਥੋੜੀ-ਬਹੁਤ ਸਹਾਇਤਾ ਕੀਤੀ ਜਾ ਸਕਦੀ ਹੈ। -ਪੀਟੀਆਈ

ਜ਼ਹਿਰੀਲੇ ਪਦਾਰਥ ਦੇ ਛਿੜਕਾਅ ਕਾਰਨ ਮਚੀ ਸੀ ਭਗਦੜ: ਵਕੀਲ

ਨਵੀਂ ਦਿੱਲੀ: ਅਖੌਤੀ ਸਾਧ ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦੋਸ਼ ਲਾਇਆ ਹੈ ਕਿ 2 ਜੂਨ ਨੂੰ ਹਾਥਰਸ ’ਚ ਸਤਿਸੰਗ ਦੌਰਾਨ ਭੀੜ ’ਚ ਕੁਝ ਵਿਅਕਤੀਆਂ ਨੇ ਜ਼ਹਿਰੀਲੇ ਪਦਾਰਥ ਦਾ ਛਿੜਕਾਅ ਕੀਤਾ ਸੀ ਜਿਸ ਕਾਰਨ ਭਗਦੜ ਮਚੀ ਸੀ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਕੀਲ ਨੇ ਕਿਹਾ ਕਿ ਭੋਲੇ ਬਾਬਾ ਦੀ ਵਧ ਰਹੀ ਮਕਬੂਲੀਅਤ ਨੂੰ ਦੇਖਦਿਆਂ ਭਗਦੜ ਦੀ ਸਾਜ਼ਿਸ਼ ਘੜੀ ਗਈ ਸੀ। ਉਸ ਨੇ ਦਾਅਵਾ ਕੀਤਾ, ‘‘ਮੈਂ ਮਾਰੇ ਗਏ ਲੋਕਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਦੇਖੀਆਂ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਲੋਕ ਜ਼ਖ਼ਮਾਂ ਕਾਰਨ ਨਹੀਂ ਸਗੋਂ ਦਮ ਘੁਟਣ ਕਰਕੇ ਮਾਰੇ ਗਏ ਸਨ।’’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×