ਯੂਕਰੇਨ ਸੰਘਰਸ਼ ਦਾ ਕੋਈ ਵੀ ਹੱਲ ਇਸ ਦੀ ਪ੍ਰਭੂਸੱਤਾ ਦਾ ਸਨਮਾਨ ਕਰੇ: ਅਮਰੀਕਾ
ਵਾਸ਼ਿੰਗਟਨ, 9 ਜੁਲਾਈ
ਅਮਰੀਕਾ ਨੇ ਕਿਹਾ ਹੈ ਕਿ ਉਸ ਨੇ ਭਾਰਤ ਨੂੰ ਰੂਸ ਨੂੰ ਇਹ ਗੱਲ ਸਪੱਸ਼ਟ ਕਰਨ ਦੀ ਗੁਜ਼ਾਰਿਸ਼ ਕੀਤੀ ਹੈ ਕਿ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਕਿਸੇ ਵੀ ਹੱਲ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਇਲਾਕਾਈ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ। ਅਮਰੀਕਾ ਮੁਤਾਬਕ ਭਾਰਤ ਇਸ ਦਾ ਰਣਨੀਤਕ ਭਾਈਵਾਲ ਹੈ ਜਿਸ ਨਾਲ ਇਹ ਸਪੱਸ਼ਟ ਅਤੇ ਖੁੱਲ੍ਹੀ ਗੱਲਬਾਤ ਕਰਦਾ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਹ ਬਿਆਨ ਮੀਡੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੌਰੇ ਤੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਕੀਤੀਆਂ ਮੀਟਿੰਗਾਂ ਸਬੰਧੀ ਪੁੱਛੇ ਸਵਾਲ ਦੇ ਜੁਆਬ ’ਚ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਦੇਖਿਆ ਹੈ ਕਿ ਸ੍ਰੀ ਮੋਦੀ ਨੇ (ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ) ਵਾਂਗ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ। ਸਾਡਾ ਮੰਨਣਾ ਹੈ ਕਿ ਇਹ ਅਹਿਮ ਕਦਮ ਹੈ ਤੇ ਅਸੀਂ ਭਾਰਤ ਨੂੰ ਗੁਜ਼ਾਰਿਸ਼ ਕਰਾਂਗੇ, ਕਿ ਉਹ ਇਹ ਗੱਲ ਸਪੱਸ਼ਟ ਕਰੇ ਕਿ ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਕਿਸੇ ਵੀ ਹੱਲ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਤੇ ਯੂਕਰੇਨ ਦੀ ਇਲਾਕਾਈ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਹੋਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਮੈਂ ਮੋਦੀ ਦੀਆਂ ਜਨਤਕ ਟਿੱਪਣੀਆਂ ਦਾ ਇੰਤਜ਼ਾਰ ਕਰਾਂਗਾ ਕਿ ਉਨ੍ਹਾਂ ਕੀ ਗੱਲਬਾਤ ਕੀਤੀ, ਪਰ ਜਿਵੇਂ ਮੈਂ ਕਿਹਾ, ਅਸੀਂ ਭਾਰਤ ਨਾਲ ਰੂਸ ਦੇ ਸਬੰਧਾਂ ਬਾਰੇ ਫ਼ਿਕਰਮੰਦੀ ਸਪੱਸ਼ਟ ਕਰ ਦਿੱਤੀ ਹੈ। ਉਮੀਦ ਕਰਾਂਗੇ ਕਿ ਭਾਰਤ ਤੇ ਕੋਈ ਵੀ ਹੋਰ ਮੁਲਕ, ਜਦੋਂ ਉਹ ਰੂਸ ਨਾਲ ਗੱਲਬਾਤ ਕਰੇ ਤਾਂ ਇਹ ਸਪੱਸ਼ਟ ਕਰੇ ਕਿ ਰੂਸ ਨੂੰ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਸਨਮਾਨ ਕਰਨਾ ਚਾਹੀਦਾ ਹੈ।’ -ਪੀਟੀਆਈ