ਅਨੁਰਾਗ ਕਸ਼ਯਪ ਦੇ ਫ਼ਿਲਮ ਨਗਰੀ ਮੁੰਬਈ ਵਿੱਚ 30 ਸਾਲ ਮੁਕੰੰਮਲ
ਮੁੰਬਈ: ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਫਿਲਮਾਂ ਦੀ ਨਗਰੀ ਮੁੰਬਈ ‘ਚ 30 ਸਾਲ ਮੁਕੰਮਲ ਕਰ ਲਏ ਹਨ। ਇਸ ਪਲ ਨੂੰ ਯਾਦਗਾਰੀ ਬਣਾਉਣ ਲਈ ਅਨੁਰਾਗ ਨੇ ਆਪਣੇ ਇੰਸਟਾਗ੍ਰਾਮ ‘ਤੇ ਪੰਜਾਬ ਮੇਲ ਗੱਡੀ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ,’ਮੈਂ 3 ਜੂਨ, 1993 ਨੂੰ ਦਾਦਰ ਸਟੇਸ਼ਨ ‘ਤੇ ਉਤਰਿਆ ਸੀ.. ਉਸ ਵੇਲੇ ਮੀਂਹ ਪੈ ਰਿਹਾ ਸੀ। ਮੈਨੂੰ ਇਲਮ ਨਹੀਂ ਸੀ ਕਿ ਬੰਬਈ ਵਿਚ ਮੌਨਸੂਨ ਦੀ ਬਰਸਾਤ ਛੇਤੀ ਨਹੀਂ ਰੁਕਦੀ। ਮੈਨੂੰ ਯਾਦ ਹੈ ਕਿ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਦਾਦਰ ਤੋਂ ਅੰਧੇਰੀ ਜਾਣ ਵਾਲੀ ਪਹਿਲੀ ਲੋਕਲ ਟਰੇਨ ਫੜੀ ਸੀ, ਮੇਰਾ ਇਹ ਦੋਸਤ ਮੇਰੇ ਤੋਂ ਪਹਿਲਾਂ ਦਿੱਲੀ ਤੋਂ ਇਥੇ ਆਇਆ ਸੀ। ਉਹ ਇਮਤਿਆਜ਼ ਦੀ ਸਭ ਤੋਂ ਖਾਸ ਫ਼ਿਲਮ ‘ਰੌਕਸਟਾਰ’ ਲਈ ਪ੍ਰੇਰਨਾ ਸਰੋਤ ਬਣਿਆ। ਮੈਨੂੰ ਜੱਗੂ ਅਤੇ ਇਮਤਿਆਜ਼ ਦੋਵਾਂ ਤੋਂ ਮੁੰਬਈ ਆਉਣ ਲਈ ਹਿੰਮਤ ਮਿਲੀ ਤੇ ਇਨ੍ਹਾਂ ਦੋਵਾਂ ਦੋਸਤਾਂ ਦੀ ਪ੍ਰੇਰਨਾ ਕਾਰਨ ਮੈਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਿਆ। ਮੈਂ ਇਸ ਸ਼ਹਿਰ ਅਤੇ ਉਨ੍ਹਾਂ ਸਾਰੇ ਦੋਸਤਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰਾ ਸਫਰ ਯਾਦਗਾਰੀ ਬਣਾਇਆ।’ ਫਿਲਮ ਨਿਰਮਾਤਾ ਅਨੁਰਾਗ ਵਲੋਂ ਤੀਹ ਸਾਲ ਮੁਕੰਮਲ ਹੋਣ ਸਬੰਧੀ ਪੋਸਟ ਨਸ਼ਰ ਕਰਨ ਤੋਂ ਬਾਅਦ ਉਸ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਉਸ ਨੂੰ ਵਧਾਈਆਂ ਦਿੱਤੀਆਂ ਹਨ। ਅਦਾਕਾਰ ਅਰਜੁਨ ਕਪੂਰ ਨੇ ਟਿੱਪਣੀ ਕੀਤੀ, ‘ਪੰਜਾਬ ਮੇਲ ਟੂ ਸੰਗਮ ਮੇਲ।’ ਜ਼ਿਕਰਯੋਗ ਹੈ ਕਿ ਅਨੁਰਾਗ ਦੀ ਫਿਲਮ ‘ਕੈਨੇਡੀ’ ਦਾ ਹਾਲ ਹੀ ਵਿਚ ਕਾਨ ਫਿਲਮ ਫੈਸਟੀਵਲ ਵਿਚ ਵਿਸ਼ਵ ਪ੍ਰੀਮੀਅਰ ਹੋਇਆ ਸੀ ਜਿਸ ਵਿਚ ਸਨੀ ਲਿਓਨ ਅਤੇ ਰਾਹੁਲ ਭੱਟ ਮੁੱਖ ਅਦਾਕਾਰ ਹਨ। -ਏਐੱਨਆਈ