ਫਰੈਂਡਸ਼ਿਪ ਡੇਅ ’ਤੇ ਅਨੁਪਮ ਖੇਰ ਨੇ ਆਪਣੇ ਦੋਸਤ ਸਤੀਸ਼ ਕੌਸ਼ਿਕ ਨੂੰ ਕੀਤਾ ਯਾਦ
ਮੁੰਬਈ: ਬੌਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਅੱਜ ਫਰੈਂਡਸ਼ਿਪ ਡੇਅ ’ਤੇ ਆਪਣੇ ਕਰੀਬੀ ਦੋਸਤ ਅਤੇ ਮਰਹੂਮ ਅਦਾਕਾਰ-ਨਿਰਦੇਸ਼ਕ ਸਤੀਸ਼ ਕੌਸ਼ਿਕ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਯਾਦ ਕੀਤਾ ਹੈ। ਉਨ੍ਹਾਂ ਇੰਸਟਾਗ੍ਰਾਮ ’ਤੇ ਆਪਣੇ ਦੋਸਤਾਂ ਅਨਿਲ ਕਪੂਰ ਅਤੇ ਸਤੀਸ਼ ਕੌਸ਼ਿਕ ਨਾਲ ਯਾਦਗਾਰੀ ਤਸਵੀਰਾਂ ਦੀ ਇੱਕ ਲੜੀ ਵੀ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸੰਦੇਸ਼ ਜ਼ਰੀਏ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਹਿਲੀ ਤਸਵੀਰ ’ਚ ‘ਦਿ ਕਸ਼ਮੀਰ ਫਾਈਲਜ਼’ ਦਾ ਅਦਾਕਾਰ ਅਨਿਲ ਕਪੂਰ ਨਾਲ ਫੋਟੋ ਖਿਚਵਾਉਂਦਾ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਦੋਸਤਾਂ ਦੀ ਤਿੱਕੜੀ ਅਨੁਪਮ, ਅਨਿਲ ਅਤੇ ਸਤੀਸ਼ ਕੈਮਰੇ ਵੱਲ ਮੁਸਕਰਾਉਂਦੇ ਹੋਏ ਦੇਖ ਰਹੇ ਹਨ। ਇਹ ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਲਿਖਿਆ, ‘ਹੈਪੀ ਫਰੈਂਡਸ਼ਿਪ ਡੇਅ! ਅੱਜ ਸਤੀਸ਼ ਨੂੰ ਥੋੜ੍ਹਾ ਜਿਹਾ ਹੋਰ ਯਾਦ ਕਰ ਰਿਹਾ ਹਾਂ!’ ਦੱਸਣਾ ਬਣਦਾ ਹੈ ਕਿ ਉੱਘੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਾ 9 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਅਨਪੁਮ ਖੇਰ ਅਕਸਰ ਹੀ ਆਪਣੇ ਕਰੀਬੀ ਦੋਸਤ ਸਤੀਸ਼ ਕੌਸ਼ਿਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਰਹਿੰਦੇ ਹਨ। -ਏਐੱਨਆਈ