ਅਨੁਪਮ ਖੇਰ ਵੱਲੋਂ ‘ਤਨਵੀ ਦਿ ਗ੍ਰੇਟ’ ਦੇ ਨਿਰਦੇਸ਼ਨ ਦਾ ਐਲਾਨ
ਮੁੰਬਈ: ਅਦਾਕਾਰ ਅਨੁਪਮ ਖੇਰ ਨੇ ਆਪਣੇ 69ਵੇਂ ਜਨਮ ਦਿਨ ਮੌਕੇ ਐਲਾਨ ਕੀਤਾ ਹੈ ਕਿ ਉਹ ਛੇਤੀ ਹੀ ਫਿਲਮ ‘ਤਨਵੀ ਦਿ ਗ੍ਰੇਟ’ ਦਾ ਨਿਰਦੇਸ਼ਨ ਕਰਨ ਜਾ ਰਿਹਾ ਹੈ। ਅਦਾਕਾਰ ਨੇ 2002 ਵਿੱਚ ‘ਓਮ ਜੈ ਜਗਦੀਸ਼’ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਸ਼ੁਰੂਆਤ ਕੀਤੀ ਸੀ। ‘ਤਨਵੀ ਦਿ ਗ੍ਰੇਟ’ ਬਾਰੇ ਜਾਣਕਾਰੀ ਦਿੰਦਿਆਂ ਅਨੁਪਮ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਮਾਂ ਦੁਲਾਰੀ ਕੋਲੋਂ ਅਤੇ ਫਿਲਮ ਦੇ ਹੋਰ ਅਮਲੇ ਕੋਲੋਂ ਆਸ਼ੀਰਵਾਦ ਲੈਂਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨਾਲ ਅਦਾਕਾਰ ਨੇ ਕਿਹਾ, ‘‘ਤਾਨਵੀ ਦਿ ਗ੍ਰੇਟ’ ਅੱਜ ਮੇਰੇ ਜਨਮ ਦਿਨ ਮੌਕੇ ਮੈਂ ਬੜੀ ਖੁਸ਼ੀ ਨਾਲ ਆਪਣੇ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਗਲੀ ਫਿਲਮ ਦਾ ਐਲਾਨ ਕਰ ਰਿਹਾ ਹਾਂ...ਕੁਝ ਕਹਾਣੀਆਂ ਆਪਣਾ ਰਾਹ ਖ਼ੁਦ ਅਖ਼ਤਿਆਰ ਕਰਦੀਆਂ ਹੋਈਆਂ ਤੁਹਾਨੂੰ ਇਸ ਗੱਲ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਤੁਸੀਂ ਉਨ੍ਹਾਂ ਨੂੰ ਦਰਸ਼ਕਾਂ ਨਾਲ ਸਾਂਝੀਆਂ ਕਰੋ। ਇਸ ਲਈ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਮਾਂ ਤੋਂ ਆਸ਼ੀਰਵਾਦ ਲੈ ਰਿਹਾ ਹਾਂ।’ -ਆਈਏਐੱਨਐੱਸ