ਸਿੱਖ ਵਿਰੋਧੀ ਤਾਕਤਾਂ ਦਾ ਟਾਕਰਾ ਬਾਣੀ ਨਾਲ ਜੁੜ ਕੇ ਸੰਭਵ: ਬਾਬਾ ਬਲਬੀਰ ਸਿੰਘ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 27 ਅਕਤੂਬਰ
ਬ੍ਰਹਮ ਗਿਆਨੀ ਸੰਤ ਅਤਰ ਸਿੰਘ ਵੱਲੋਂ ਇੱਥੇ ਸਥਾਪਿਤ ਪ੍ਰਸਿੱਧ ਧਾਰਮਿਕ ਸੰਸਥਾ ਲੰਗਰ ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਵਿੱਚ ਪਿਛਲੇ ਕਰੀਬ ਇੱਕ ਮਹੀਨੇ ਤੋਂ ਆਰੰਭਿਆ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਬੋਧ ਸਮਾਗਮ ਗੁਰ ਮਰਿਆਦਾ ਅਨੁਸਾਰ ਸੰਪੂਰਨ ਹੋ ਗਿਆ। ਸਮਾਗਮ ’ਚ ਸੰਪਰਦਾ ਭਿੰਡਰਾਂ ਦੇ ਮੁਖੀ ਗਿਆਨੀ ਹਰਭਜਨ ਸਿੰਘ ਢੁੱਡੀਕੇ ਅਤੇ ਹੋਰ ਵਿਦਵਾਨਾਂ ਨੇ ਸੰਗਤ ਨੂੰ ਕਰੀਬ ਇੱਕ ਮਹੀਨੇ ਤੱਕ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸੰਥਿਆ ਕਰਵਾਈ। ਸਮਾਪਤੀ ਸਮਾਗਮਾਂ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱੱਢਾ ਦਲ 96 ਕਰੋੜੀ (ਨਿਹੰਗ ਸਿੰਘਾਂ) ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵਿਸ਼ੇਸ ਤੌਰ ’ਤੇ ਸ਼ਮੂਲੀਅਤ ਕੀਤੀ। ਜਿੱਥੇ ਉਨ੍ਹਾਂ ਅਜਿਹੇ ਮਹਾਨ ਗੁਰਮਤਿ ਸਮਾਗਮ ਕਰਵਾਉਣ ਲਈ ਸੰਪਰਦਾ ਮਸਤੂਆਣਾ ਦੇ ਮੁਖੀ ਬਾਬਾ ਟੇਕ ਸਿੰਘ ਧਨੌਲਾ ਅਤੇ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ, ਉੱਥੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਹੋਰਨਾਂ ਬਾਣੀਆਂ ਦੇ ਨਾਲ-ਨਾਲ ਦਸਮ ਗ੍ਰੰਥ ਦੀ ਬਾਣੀ ਦੀ ਵੀ ਸੰਥਿਆ ਲੈਣ। ਬਾਬਾ ਬਲਬੀਰ ਸਿੰਘ ਨੇ ਮੌਜੂਦਾ ਸਮੇਂ ਕੁੱਝ ਸਿੱਖ ਵਿਰੋਧੀ ਤਾਕਤਾਂ ਵੱਲੋਂ ਬਾਣੀ ਅਤੇ ਬਾਣੇ ’ਤੇ ਲਗਾਤਾਰ ਕੀਤੇ ਜਾ ਰਹੇ ਵਿਚਾਰਕ ਹਮਲਿਆਂ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀਆਂ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਵੱਡੇ ਪੱਧਰ ’ਤੇ ਬਾਣੀ ਨਾਲ ਜੁੜ ਕੇ ਹੀ ਦਿੱਤਾ ਜਾ ਸਕਦਾ ਹੈ। ਸੰਪਰਦਾ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਨੇ ਸਮੁੱਚੀ ਸੰਸਥਾਵਾਂ ਦਾ ਧੰਨਵਾਦ ਕੀਤਾ। ਬਾਬਾ ਈਸ਼ਰ ਸਿੰਘ ਹੈਦਰਾਬਾਦ ਵਾਲਿਆਂ ਸਮੇਤ ਸਮੁੱਚੇ ਮਸਤੂਆਣਾ ਪ੍ਰਬੰਧਕਾਂ ਵੱਲੋਂ ਬਾਬਾ ਬਲਬੀਰ ਸਿੰਘ ਦਾ ਸਨਮਾਨ ਵੀ ਕੀਤਾ ਗਿਆ।