ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਹਰਿਮੰਦਰ ਸਾਹਿਬ ਪੁੱਜੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਦਸੰਬਰ
ਚੜ੍ਹਦੀ ਕਲਾ ਫਾਊਂਡੇਸ਼ਨ ਵੱਲੋਂ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸ਼ੁਰੂ ਕੀਤੀ ਗਈ ‘ਵਸਦਾ ਰਹੇ ਪੰਜਾਬ’ ਨਾਂ ਦੀ ਪੈਦਲ ਯਾਤਰਾ ਅੱਜ ਸ੍ਰੀ ਹਰਿਮੰਦਰ ਸਾਹਿਬ ਪੁੱਜ ਕੇ ਸਮਾਪਤ ਹੋਈ ਹੈ। ਇਹ ਪੈਦਲ ਯਾਤਰਾ 12 ਦਸੰਬਰ ਨੂੰ ਬਠਿੰਡਾ ਤੋਂ ਆਰੰਭ ਕੀਤੀ ਗਈ ਸੀ। ਇਸ ਪੈਦਲ ਯਾਤਰਾ ਦੀ ਸਮਾਪਤੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜਾਬ ਦੀ ਚੜ੍ਹਦੀ ਕਲਾ ਅਤੇ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਦੀ ਅਰਦਾਸ ਕੀਤੀ ਗਈ। ਇਸ ਅਰਦਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ ਤੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਚੜ੍ਹਦੀ ਕਲਾ ਫਾਊਂਡੇਸ਼ਨ ਦੀ ਅੰਮ੍ਰਿਤ ਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ 12 ਦਸੰਬਰ 2012 ਨੂੰ ਉਸ ਦਾ ਭਰਾ ਨਸ਼ਿਆਂ ਦੀ ਭੇਟ ਚੜ੍ਹ ਗਿਆ ਸੀ ਤੇ ਉਹ ਉਸ ਵੇਲੇ ਤੋਂ ਹੀ ਨਸ਼ਿਆਂ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਹੀ ਹੈ। ਇਸੇ ਸੰਦਰਭ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਵਾਸਤੇ ‘ਵਸਦਾ ਰਹੇ ਪੰਜਾਬ ਪੈਦਲ ਯਾਤਰਾ’ ਸ਼ੁਰੂ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਦੌਰਾਨ ਲੋਕਾਂ ਨੂੰ ਇਹ ਦੱਸਣ ਅਤੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਜੰਗ ਉਨ੍ਹਾਂ ਦੀ ਆਪਣੀ ਜੰਗ ਹੈ, ਜਿਸ ਨੂੰ ਪਰਿਵਾਰ ਵਿੱਚ ਰਹਿ ਕੇ ਲੜਨਾ ਪਵੇਗਾ। ਉਸ ਨੇ ਕਿਹਾ ਕਿ ਪੰਜਾਬ ਨੂੰ ਹੱਸਦਾ ਵਸਦਾ ਰੱਖਣ ਲਈ ਇਹ ਜੰਗ ਜਿੱਤਣੀ ਜ਼ਰੂਰੀ ਹੈ।