ਵਰ੍ਹਦੇ ਮੀਂਹ ’ਚ ਨੰਗਲ ਤੋਂ ਠੁੱਲੇਵਾਲ ਤੱਕ ਨਸ਼ਾ ਵਿਰੋਧੀ ਪੈਦਲ ਮਾਰਚ
ਬੀਰਬਲ ਰਿਸ਼ੀ
ਸ਼ੇਰਪੁਰ, 17 ਸਤੰਬਰ
ਨਸ਼ਾ ਰੋਕੂ ਕਮੇਟੀ ਤੇ ਸਹਿਯੋਗੀ ਯੁਵਕ ਸੇਵਾਵਾਂ ਕਲੱਬ, ਗ੍ਰਾਮ ਪੰਚਾਇਤ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਪਿੰਡ ਨੰਗਲ ਤੋਂ ਠੁੱਲੇਵਾਲ ਤੱਕ ਵਰ੍ਹਦੇ ਮੀਂਹ ਦੇ ਬਾਵਜੂਦ ਪੈਦਲ ਮਾਰਚ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਸਾਵਧਾਨ ਕਰਦਿਆਂ ਆਪੋ-ਆਪਣੇ ਪਿੰਡਾਂ ਦੀ ਸਾਂਭ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਨਸ਼ਾ ਰੋਕੂ ਕਮੇਟੀ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨ, ਕਿਸਾਨ ਤੇ ਔਰਤਾਂ ਨੇ ਪਿੰਡ ਨੰਗਲ ਦੇ ਗੁਰੂ ਘਰ ਤੋਂ ਪੈਦਲ ਮਾਰਚ ਅਰੰਭਿਆ ਜੋ ਪਿੰਡ ਠੁੱਲੇਵਾਲ ਪਹੁੰਚਿਆ। ਜਿੱਥੇ ਜਨਤਕ ਥਾਵਾਂ ’ਤੇ ਕੀਤੀਆਂ ਰੈਲੀਆਂ ਦੌਰਾਨ ਲੋਕਾਂ ਨੂੰ ਆਪਣੇ ਪਿੰਡਾਂ ਦੀ ਖੁਦ ਰਾਖੀ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਮਨੀ ਨੰਗਲ ਅਨੁਸਾਰ ਇਸ ਮੌਕੇ ਹਰਦੀਪ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸ਼ੇਰ ਸਿੰਘ, ਅਰਵਿੰਦਰ ਸਿੰਘ, ਬਿੱਟੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੌਜਵਾਨਾਂ ਨੇ ਪਿੰਡ ਨੰਗਲ ਵਿੱਚ ਇੱਕ ਪੱਕਾ ਤੇ ਚਾਰ ਆਰਜ਼ੀ ਨਾਕੇ ਲਗਾ ਕੇ ਨਸ਼ਿਆਂ ਵਿਰੁੱਧ ਐਲਾਨ-ਏ-ਜੰਗ ਕੀਤਾ ਸੀ ਜਿਸ ਮਗਰੋਂ ਹੁਣ ਨਸ਼ਿਆਂ ਵਿਰੁੱਧ ਹੋਣ ਲੋਕ ਲਹਿਰ ਬਣਨ ਲੱਗੀ ਹੈ।
ਇਸੇ ਦੌਰਾਨ ਸ਼ੇਰਪੁਰ ਵਿੱਚ ਨੌਜਵਾਨਾਂ ਵੱਲੋਂ ਦਿੱਲੀ ਦੀ ਤਰਜ਼ ’ਤੇ ਪੱਕੇ ਤੌਰ ਤੇ ਉੱਠਣ, ਬੈਠਣ, ਪੀਣ-ਖਾਣ ਤੇ ਅਰਾਮ ਕਰਨ ਲਈ ਟਰਾਲੀਆਂ ਲਗਾ ਕੇ ਅਤੇ ਕੈਮਰਿਆਂ ਦੀ ਨਿਗਰਾਨੀ ਹੇਠ ਪਿਛਲੇ 20 ਦਿਨਾਂ ਤੋਂ ਲਗਾਏ ਜਾ ਰਹੇ ਨਾਕਿਆਂ ਨੇ ਨਸ਼ਾ ਵੇਚਣ ਵਾਲਿਆਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ।