ਸਰਹੱਦ ’ਤੇ ਐਂਟੀ ਡਰੋਨ ਟੈਕਨਾਲੋਜੀ ਸਥਾਪਤ ਕੀਤੀ ਜਾਵੇਗੀ: ਪੁਰੋਹਿਤ
ਜਗਤਾਰ ਸਿੰਘ ਲਾਂਬਾ/ਦਿਲਬਾਗ ਸਿੰਘ ਗਿੱਲ
ਅੰਮ੍ਰਿਤਸਰ/ਅਟਾਰੀ, 24 ਜੁਲਾਈ
ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਕੀਤੀ ਜਾ ਰਹੀ ਤਸਕਰੀ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਲਦੀ ਹੀ ਭਾਰਤ-ਪਾਕਿ ਸਰਹੱਦ ’ਤੇ ਐਂਟੀ ਡਰੋਨ ਟੈਕਨਾਲੋਜੀ ਸਥਾਪਤ ਕੀਤੀ ਜਾਵੇਗੀ। ਇਹ ਖੁਲਾਸਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੀਤਾ ਹੈ। ਰਾਜਪਾਲ, ਡੀਜੀਪੀ ਗੌਰਵ ਯਾਦਵ ਤੇ ਹੋਰ ਅਧਿਕਾਰੀਆਂ ਨੇ ਅੱਜ ਸਰਹੱਦੀ ਇਲਾਕੇ ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਬੀਤੇ ਦਿਨ ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦਾ ਦੌਰਾ ਕੀਤਾ ਸੀ।
ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਨੇ ਦੱਸਿਆ ਕਿ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਇੱਕ ਸਾਲ ਦੇ ਅੰਦਰ ਭਾਰਤ-ਪਾਕਿ ਸਰਹੱਦ ’ਤੇ ਐਂਟੀ ਡਰੋਨ ਟੈਕਨਾਲੋਜੀ ਸਥਾਪਤ ਕੀਤੀ ਜਾਵੇਗੀ ਜਿਸ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਹੁੰਦੀ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਭਰ ’ਚ ਨਸ਼ਿਆਂ ਦੇ ਖਾਤਮੇ ਲਈ ਹਰ ਜ਼ਿਲ੍ਹੇ ਵਿੱਚ ਪਿੰਡ ਪੱਧਰ ’ਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲੱਗਦੇ ਛੇ ਜ਼ਿਲ੍ਹਿਆਂ ਵਿੱਚ ਕੰਮ ਕਰਨ ਵਾਲੀਆਂ ਕਮੇਟੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਸਬੰਧੀ ਅਦਾਲਤੀ ਕੇਸਾਂ ਨਾਲ ਨਜਿੱਠਣ ਲਈ ਵਕੀਲਾਂ ਦਾ ਵਿਸ਼ੇਸ਼ ਪੈਨਲ ਗਠਿਤ ਕਰਨ ਅਤੇ ਮੁਲਜ਼ਮਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਉਸ ਦੀ ਜਾਇਦਾਦ ਜ਼ਬਤ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਉਨ੍ਹਾਂ ਵਿਲੇਜ ਡਿਫੈਂਸ ਕਮੇਟੀਆਂ ਨੂੰ ਲੋੜ ਮੁਤਾਬਕ ਅਸਲਾ ਲਾਇਸੈਂਸ ਜਾਰੀ ਕਰਨ ਅਤੇ ਪੁਲੀਸ ਤੇ ਸਿਵਲ ਪ੍ਰਸ਼ਾਸਨ ’ਚ ਉਨ੍ਹਾਂ ਨੂੰ ਮਾਣ-ਸਤਿਕਾਰ ਦੇਣ ਦੀ ਵੀ ਹਦਾਇਤ ਕੀਤੀ।
ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਸਿੱਧੇ ਤੌਰ ’ਤੇ ਭਾਰਤ ਨਾਲ ਲੜਨ ਦੀ ਸਮਰੱਥਾ ਨਹੀਂ ਰੱਖਦਾ, ਇਸੇ ਲਈ ਉਹ ਤਸਕਰੀ ਤੇ ਹੋਰ ਅਜਿਹੇ ਤਰੀਕਿਆਂ ਰਾਹੀਂ ਭਾਰਤ ਵਿੱਚ ਅਸਥਿਰਤਾ ਪੈਦਾ ਕਰਨਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਰਾਜਪਾਲ ਨੇ ਸਰਹੱਦੀ ਪਿੰਡ ਧਨੋਏ ਕਲਾਂ ਵਿੱਚ ਸ਼ਹੀਦਾਂ ਦੀ ਯਾਦਗਾਰ ’ਤੇ ਫੁੱਲ ਮਾਲਾ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਅਤੇ ਬੀਐੱਸਐੱਫ ਪੋਸਟ ’ਤੇ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੌਦਾ ਲਾਇਆ।
ਮੀਟਿੰਗ ਵਿੱਚ ਡੀਜੀਪੀ ਗੌਰਵ ਯਾਦਵ ਨੇ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਸਰਹੱਦ ਪਾਰੋਂ ਆਉਂਦੇ ਡਰੋਨ ਨੂੰ ਫੜਾਉਣ ਵਿੱਚ ਪੁਲੀਸ ਦੀ ਮਦਦ ਕਰੇਗਾ, ਉਸ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੌਰਾਨ ਸਰਹੱਦੀ ਪਿੰਡ ਧਨੋਏ, ਮੋਦੇ ਅਤੇ ਅਟਲਗੜ੍ਹ ਵਿੱਚ ਯੂਥ ਕਲੱਬਾਂ ਨੂੰ 3.5 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ।
ਰਾਜਪਾਲ ਦੇ ਕਾਫ਼ਲੇ ’ਚ ਸ਼ਾਮਲ ਵਾਹਨ ਨੂੰ ਹਾਦਸਾ; ਤਿੰਨ ਜਵਾਨ ਜ਼ਖ਼ਮੀ
ਅੰਮ੍ਰਿਤਸਰ/ਅਟਾਰੀ (ਪੱਤਰ ਪ੍ਰੇਰਕ):
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਸੁਰੱਖਿਆ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਅੱਜ ਘਰਿੰਡਾ ਪਿੰਡ ਨੇੜੇ ਉਸ ਸਮੇਂ ਵਾਪਰੀ, ਜਦੋਂ ਰਾਜਪਾਲ ਇੱਥੇ ਸਰਹੱਦੀ ਖੇਤਰਾਂ ਦਾ ਦੌਰਾ ਕਰ ਰਹੇ ਸਨ। ਰਾਜਪਾਲ ਦੇ ਕਾਫ਼ਲੇ ਵਿੱਚ ਸ਼ਾਮਲ ਜੀਪ ਟਾਇਰ ਫਟਣ ਮਗਰੋਂ ਡਿਵਾਈਡਰ ਨਾਲ ਟਕਰਾ ਗਈ। ਜ਼ਖ਼ਮੀਆਂ ਵਿੱਚ ਸੀਆਰਪੀਐੱਫ ਦੇ ਦੋ ਤੇ ਚੰਡੀਗੜ੍ਹ ਪੁਲੀਸ ਦਾ ਇੱਕ ਮੁਲਾਜ਼ਮ ਸ਼ਾਮਲ ਹਨ। ਇਨ੍ਹਾਂ ਦੀ ਪਛਾਣ ਵਿਕਾਸ, ਰਾਕੇਸ਼ ਕੁਮਾਰ ਅਤੇ ਕੌਸ਼ਲ ਸਿੰਘ ਵਜੋਂ ਹੋਈ ਹੈ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਡਰਾਈਵਰ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਜੀਪ ਦਾ ਟਾਇਰ ਫਟ ਗਿਆ ਅਤੇ ਜਵਾਨ ਜ਼ਖ਼ਮੀ ਹੋ ਗਏ। ਤਿੰਨਾਂ ਜ਼ਖ਼ਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਹੈ। ਘਰਿੰਡਾ ਦੇ ਐੱਸਐੱਚਓ ਕਰਮਪਾਲ ਸਿੰਘ ਨੇ ਦੱਸਿਆ ਕਿ ਰਾਜਪਾਲ ਜ਼ਿਲ੍ਹੇ ਦੇ ਸਰਹੱਦੀ ਖੇਤਰਾਂ ਦੇ ਦੌਰੇ ’ਤੇ ਸਨ ਅਤੇ ਉਨ੍ਹਾਂ ਵੱਖ-ਵੱਖ ਸਰਹੱਦੀ ਪਿੰਡਾਂ ਵਿੱਚ ਪਿੰਡ ਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀਆਂ। ਉਨ੍ਹਾਂ ਦੱਸਿਆ ਕਿ ਰਾਜਪਾਲ ਪੁਰੋਹਿਤ ਦੋ ਦਿਨਾਂ ਪੰਜਾਬ ਦੇ ਸਰਹੱਦੀ ਦੌਰੇ ਮੌਕੇ ਜਦੋਂ ਪਿੰਡ ਪੱਕੇ ਧਨੋਏ ਨਜ਼ਦੀਕ ਅਟਾਰੀ ਸਰਹੱਦ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ ਤਾਂ ਅਟਾਰੀ-ਅੰਮ੍ਰਿਤਸਰ ਰੋਡ ’ਤੇ ਘਰਿੰਡਾ ਨੇੜੇ ਉਨ੍ਹਾਂ ਦੇ ਕਾਫ਼ਲੇ ਵਿੱਚ ਸ਼ਾਮਲ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।