ਦਲਿਤ ਵਿਰੋਧੀ ਕਾਂਗਰਸ ਨੇ ਸ਼ੈਲਜਾ ਦਾ ਅਪਮਾਨ ਕੀਤਾ: ਅਮਿਤ ਸ਼ਾਹ
ਚੰਡੀਗੜ੍ਹ, 23 ਸਤੰਬਰ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਨੂੰ ‘ਦਲਿਤ ਵਿਰੋਧੀ’ ਪਾਰਟੀ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਕੁਮਾਰੀ ਸ਼ੈਲਜਾ ਅਤੇ ਅਸ਼ੋਕ ਤੰਵਰ ਵਰਗੇ ਦਲਿਤ ਆਗੂਆਂ ਦਾ ‘ਅਪਮਾਨ’ ਕੀਤਾ ਹੈ। ਸ਼ਾਹ ਨੇ ਰਾਖਵੇਂਕਰਨ ਬਾਰੇ ਟਿੱਪਣੀਆਂ ਲਈ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਰਾਖਵੇਂਕਰਨ ਦੀ ਰਾਖੀ ਕਰ ਸਕਦੇ ਹਨ। ਸ਼ਾਹ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਟੋਹਾਣਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਕੇਂਦਰੀ ਮੰਤਰੀ ਸ਼ਾਹ ਨੇ ਦੋਸ਼ ਲਾਇਆ, ‘ਕਾਂਗਰਸ ਦਲਿਤ ਵਿਰੋਧੀ ਪਾਰਟੀ ਹੈ। ਕਾਂਗਰਸ ਨੇ ਹਮੇਸ਼ਾ ਦਲਿਤ ਆਗੂਆਂ ਦਾ ਅਪਮਾਨ ਕੀਤਾ ਹੈ, ਚਾਹੇ ਉਹ ਅਸ਼ੋਕ ਤੰਵਰ ਹੋਣ ਜਾਂ ਭੈਣ ਕੁਮਾਰੀ ਸ਼ੈਲਜਾ। ਕਾਂਗਰਸ ਨੇ ਸਾਰਿਆਂ ਦਾ ਅਪਮਾਨ ਕੀਤਾ ਹੈ।’ ਦਲਿਤ ਆਗੂ ਸ਼ੈਲਜਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ, ਜਿਸ ਨੂੰ ਲੈ ਕੇ ਸੱਤਾਧਾਰੀ ਭਾਜਪਾ ਕਾਂਗਰਸ ’ਤੇ ਨਿਸ਼ਾਨਾ ਸੇਧ ਰਹੀ ਹੈ। ਸ਼ੈਲਜਾ ਦੇ ਚੋਣ ਪ੍ਰਚਾਰ ਤੋਂ ਦੂਰ ਰਹਿਣ ਦੀਆਂ ਖਬਰਾਂ ਵਿਚਾਲੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਹਾਲ ਹੀ ਵਿੱਚ ਸ਼ੈਲਜਾ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਸੀ। -ਪੀਟੀਆਈ