ਬਾਇਓ ਗੈਸ ਫੈਕਟਰੀ ਵਿਰੋਧੀ ਤਾਲਮੇਲ ਕਮੇਟੀ ਦੀ ਪ੍ਰਸ਼ਾਸਨ ਨਾਲ ਮੀਟਿੰਗ ਬੇਸਿੱਟਾ
ਗੁਰਿੰਦਰ ਸਿੰਘ
ਲੁਧਿਆਣਾ, 20 ਅਗਸਤ
ਲੁਧਿਆਣਾ ਅਤੇ ਜਲੰਧਰ ਵਿੱਚ ਬਾਇਓ ਗੈਸ ਫੈਕਟਰੀਆਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਤਾਲਮੇਲ ਕਮੇਟੀ ਦੀ ਮੁੱਖ ਸਕੱਤਰ ਵੀਕੇ ਸਿੰਘ ਨਾਲ ਪੀਏਯੂ ਦੇ ਜੈਕਬ ਹਾਲ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ ਜਿਸ ’ਤੇ ਤਾਲਮੇਲ ਕਮੇਟੀ ਨੇ ਸਰਕਾਰ ਨੂੰ 15 ਦਿਨ ਦਾ ਸਮਾਂ ਦਿੰਦਿਆਂ ਮਸਲੇ ਦਾ ਹੱਲ ਨਾ ਨਿਕਲਣ ਦੀ ਸੂਰਤ ’ਚ ਪੰਜ ਸਤੰਬਰ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰਨ ਦੀ ਚਿਤਾਵਨੀ ਦਿੱਤੀ। ਅੱਜ ਸਵੇਰੇ ਮੁੱਖ ਸਕੱਤਰ ਨਾਲ ਮੀਟਿੰਗ ਦੌਰਾਨ ਤਾਲਮੇਲ ਕਮੇਟੀ ਨੂੰ ਉਸ ਸਮੇਂ ਭਾਰੀ ਹੈਰਾਨੀ ਹੋਈ ਜਦੋਂ ਸਬੰਧਤ ਹਾਲ ’ਚ ਮੀਟਿੰਗ ਦੀ ਥਾਂ ਸੈਮੀਨਾਰ ਰੱਖੇ ਹੋਣ ਦਾ ਪਤਾ ਲੱਗਾ। ਫੈਕਟਰੀ ਮਾਲਕ ਅਤੇ ਉਨ੍ਹਾਂ ਦੇ ਵੱਡੀ ਗਿਣਤੀ ਹਮਾਇਤੀ ਹਾਲ ਵਿੱਚ ਜਮ੍ਹਾਂ ਸਨ ਜਿਸ ਦੇ ਰੋਸ ਵਜੋਂ ਤਾਲਮੇਲ ਕਮੇਟੀ ਨੇ ਬਾਈਕਾਟ ਕਰਦਿਆਂ ਮੰਗ ਕੀਤੀ ਕਿ ਕਮੇਟੀ ਦੀ ਮੀਟਿੰਗ ਸਿੱਧੀ ਪੰਜਾਬ ਸਰਕਾਰ ਨਾਲ ਕਰਵਾਈ ਜਾਵੇ।
ਇਸ ਤੋਂ ਬਾਅਦ ਮੁੱਖ ਸਕੱਤਰ ਨਾਲ ਅਲੱਗ ਕਮਰਾ ਬੰਦ ਮੀਟਿੰਗ ਵਿੱਚ ਮੁੱਖ ਸਕੱਤਰ ਵੀਕੇ ਸਿੰਘ, ਡੀਸੀ ਸਾਕਸ਼ੀ ਸਾਹਨੀ, ਪੀਏਯੂ ਦੇ ਉਨ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਐੱਚਓਡੀ ਡਾ. ਸੂਚ ਤੋਂ ਬਿਨਾਂ ਵੱਡੀ ਗਿਣਤੀ ਵਿੱਚ ਸਰਕਾਰ ਦੇ ਵੱਖ-ਵੱਖ ਅਦਾਰਿਆਂ ਦੇ ਮਾਹਿਰ ਵਿਗਿਆਨੀ ਹਾਜ਼ਰ ਸਨ। ਦੂਜੇ ਪਾਸੇ ਤਾਲਮੇਲ ਕਮੇਟੀ ਵੱਲੋਂ ਡਾ. ਸੁਖਦੇਵ ਸਿੰਘ, ਕੰਵਲਜੀਤ ਖੰਨਾ, ਬਲਵੰਤ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਗੁਰੀ, ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਅਤੇ ਡਾ. ਵੀ ਕੇ ਸੈਨੀ ਹਾਜ਼ਰ ਸਨ।
ਦੋਵਾਂ ਧਿਰਾਂ ਨੇ ਆਹਮਣੇ ਸਾਹਮਣੇ ਦਲੀਲਾਂ ਤੇ ਤੱਥਾਂ ਨਾਲ ਵਿਚਾਰ ਚਰਚਾ ਕੀਤੀ। ਮੁੱਖ ਤੌਰ ’ਤੇ ਪੰਜਾਬ ਸਰਕਾਰ ਵੱਲੋਂ ਡਾ. ਸੂਚ ਨੇ ਸੀਜੀਬੀ ਗੈਸ ਪ੍ਰਾਜੈਕਟਾਂ ਦਾ ਵਿਗਿਆਨਕ ਅਤੇ ਸਿਧਾਂਤਕ ਆਧਾਰ ਪੇਸ਼ ਕੀਤਾ ਜਦਕਿ ਦੂਜੇ ਪਾਸੇ ਸੰਘਰਸ਼ਸ਼ੀਲ ਕਮੇਟੀ ਵੱਲੋਂ ਜ਼ੋਰ ਦਿੱਤਾ ਗਿਆ ਕਿ ਉਹ ਬਾਇਓ ਗੈਸ ਪਲਾਂਟ ਲੱਗਣ ਦੇ ਇਸ ਲਈ ਖ਼ਿਲਾਫ਼ ਹਨ ਕਿਉਂਕਿ ਮੁਨਾਫ਼ਾ ਕਮਾਉਣ ਵਾਲੀ ਮਾਲਕ ਧਿਰ ਵਿਕਾਸ ਦੇ ਨਾਂ ਤੇ ਪੰਜਾਬ ਨੂੰ ਕੈਂਸਰ ਦੇ ਮੂੰਹ ਧੱਕਣਾ ਚਾਹੁੰਦੀ ਹੈ।
ਤਾਲਮੇਲ ਕਮੇਟੀ ਨੇ ਕਿਹਾ ਕਿ ਪੰਜ ਮਹੀਨੇ ਬੀਤਣ ਬਾਅਦ ਵੀ ਸਰਕਾਰ ਇਸ ਗੰਭੀਰ ਮਸਲੇ ਦਾ ਹੱਲ ਨਹੀ ਕੱਢ ਸਕੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਕਟਰੀਆਂ ਨੂੰ ਨਿਸ਼ਚਿਤ ਨਾਰਮਜ਼ ਤੋਂ ਹਟ ਕੇ ਸਰਕਾਰ ਨੇ ਬਿਨਾਂ ਸੋਚੇ ਸਮਝੇ ਲਾਇਸੈਂਸ ਤੇ ਵੱਡੀਆਂ ਸਬਸਿਡੀਆਂ ਦਿੱਤੀਆਂ ਹਨ ਜੋ ਰੱਦ ਕੀਤੀਆਂ ਜਾਣ। ਮੀਟਿੰਗ ਦੌਰਾਨ ਕੋਈ ਫ਼ੈਸਲਾ ਨਾ ਹੋਣ ਉਪਰੰਤ ਸਟੂਡੈਂਟ ਹੋਮ ਵਿੱਚ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਸਰਕਾਰ ਨੂੰ ਅਲਟੀਮੇਟਮ ਦਿੰਦਿਆਂ 5 ਸਤੰਬਰ ਨੂੰ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਵਿੱਚ ਪ੍ਰਧਾਨ ਗੁਰਤੇਜ ਸਿੰਘ ਅਖਾੜਾ, ਗੁਲਵੰਤ ਸਿੰਘ ਅਖਾੜਾ, ਕਰਮਜੀਤ ਸਿੰਘ ਸਹੋਤਾ, ਹਰਮੇਲ ਸਿੰਘ ਸਰਪੰਚ, ਗੁਰਦੀਪ ਸਿੰਘ ਭੋਜਪੁਰ, ਤੇਜਾ ਸਿੰਘ ਭੂੰਦੜੀ, ਸੁਰਜੀਤ ਸਿੰਘ ਭੂੰਦੜੀ, ਸਵਰਨ ਸਿੰਘ ਅਖਾੜਾ, ਭਿੰਦਰ ਸਿੰਘ ਭੂੰਦੜੀ, ਚਰਨਜੀਤ ਸਿੰਘ ਭੋਗਪੁਰ ਅਤੇ ਰੂਪ ਸਿੰਘ ਮੁਸ਼ਕਾਬਾਦ ਹਾਜ਼ਰ ਸਨ।