For the best experience, open
https://m.punjabitribuneonline.com
on your mobile browser.
Advertisement

ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ’ਚ ਬਹਿਸ ਦੀ ਇੱਕ ਹੋਰ ਵੀਡੀਓ ਵਾਇਰਲ

07:04 AM Jan 23, 2025 IST
ਗਿਆਨੀ ਹਰਪ੍ਰੀਤ ਸਿੰਘ ਤੇ ਵਲਟੋਹਾ ’ਚ ਬਹਿਸ ਦੀ ਇੱਕ ਹੋਰ ਵੀਡੀਓ ਵਾਇਰਲ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਜਨਵਰੀ
ਤਖ਼ਤ ਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਾਲੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਹੋਈ ਬਹਿਸ ਦੀ ਹੋਰ ਵੀਡੀਓ ਜਨਤਕ ਹੋਈ ਹੈ। ਇਸ ਇਕੱਤਰਤਾ ਦੌਰਾਨ ਬਹਿਸ ਦੀ ਵੀਡੀਓ 18 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪਿਛਲੇ ਸਾਲ ਅਕਤੂਬਰ ਮਹੀਨੇ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖਤ ਵਿਖੇ ਇਕੱਤਰਤਾ ਹੋਈ ਸੀ ਜਿਸ ਤੋਂ ਲਗਪਗ ਚਾਰ ਮਹੀਨੇ ਮਗਰੋਂ ਵਿਰਸਾ ਸਿੰਘ ਵਲਟੋਹਾ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਰਮਿਆਨ ਬਹਿਸ ਦੀ ਹੁਣ ਇਹ ਵੀਡੀਓ ਜਨਤਕ ਹੋਈ ਹੈ। ਇਹ ਕਿਵੇਂ ਜਨਤਕ ਹੋਈ, ਇਹ ਭੇਦ ਬਣਿਆ ਹੋਇਆ ਹੈ।
ਇਸ ਵੀਡੀਓ ਨੂੰ ਅਕਾਲੀ ਆਗੂ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਵਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ’ਤੇ ਭਾਜਪਾ ਤੇ ਆਰਐੱਸਐੱਸ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਸੀ ਜਿਸ ਸਬੰਧੀ ਅਕਾਲੀ ਆਗੂ ਨੂੰ ਸਪੱਸ਼ਟੀਕਰਨ ਦੇਣ ਲਈ 15 ਅਕਤੂਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਸੱਦਿਆ ਗਿਆ ਸੀ। ਇਸ ਮੀਟਿੰਗ ਮਗਰੋਂ ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਵਿੱਚੋਂ ਦਸ ਸਾਲਾਂ ਲਈ ਕੱਢਣ ਦਾ ਆਦੇਸ਼ ਦਿੱਤਾ ਸੀ।
ਤਾਜ਼ਾ 58 ਸੈਕਿੰਡ ਦੀ ਵੀਡੀਓ ਕਲਿੱਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਆਗੂ ਵਲਟੋਹਾ ਵੱਲੋਂ ਭਾਜਪਾ ਤੇ ਹੋਰ ਪਾਰਟੀਆਂ ਦੇ ਆਗੂਆਂ ਨਾਲ ਸਬੰਧਾਂ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਵੀਡੀਓ ਵਿੱਚ ਕਹਿੰਦੇ ਨਜ਼ਰ ਆ ਰਹੇ ਹਨ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਦੇ ਕਈ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਸਮੇਤ ਹੋਰਨਾਂ ਆਗੂਆਂ ਨਾਲ ਵੀ ਸੰਪਰਕ ਬਣੇ ਸਨ। ਉਧਰ ਵਿਰਸਾ ਸਿੰਘ ਵਲਟੋਹਾ ਨੇ ਉਪਰੋਕਤ ਮੀਟਿੰਗ ਦੀ ਵੀਡੀਓਗ੍ਰਾਫੀ ਜਨਤਕ ਕਰਨ ਦੀ ਮੰਗ ਕੀਤੀ ਹੈ।

Advertisement

Advertisement
Advertisement
Author Image

joginder kumar

View all posts

Advertisement