ਇਕ ਹੋਰ ਭਿਆਨਕ ਹਾਦਸਾ
ਦਿੱਲੀ ਦੇ ਬਾਹਰੀ ਇਲਾਕੇ ਵਿਚ ਪਹਿਲੀ ਜਨਵਰੀ ਨੂੰ ਵੱਡੇ ਤੜਕੇ ਕਾਰ ਵੱਲੋਂ ਸਕੂਟੀ ਨੂੰ ਟੱਕਰ ਮਾਰਨ ਕਾਰਨ 20 ਸਾਲਾ ਲੜਕੀ ਦੀ ਭਿਆਨਕ ਮੌਤ ਨੇ ਪੂਰੇ ਮੁਲਕ ਨੂੰ ਦਹਿਲਾ ਦਿੱਤਾ ਹੈ। ਗ਼ੌਰਤਲਬ ਹੈ ਕਿ ਲੜਕੀ ਸਕੂਟੀ ਸਮੇਤ ਕਾਰ ਦੇ ਟਾਇਰ ਵਿਚ ਫਸ ਗਈ ਜਿਸ ਨੂੰ ਕਾਰ ਸੁਲਤਾਨਪੁਰੀ ਤੋਂ ਕੰਝਾਵਲਾ ਤੱਕ 12 ਕਿਲੋਮੀਟਰ ਸੜਕ ‘ਤੇ ਘੜੀਸਦੀ ਲੈ ਗਈ। ਇਹ ਮਹਿਜ਼ ਟੱਕਰ ਮਾਰ ਕੇ ਦੌੜ ਜਾਣ ਦਾ ਮਾਮਲਾ ਨਹੀਂ ਹੈ। ਇੰਨੀ ਦੂਰੀ ਤੱਕ ਇਕ ਘੰਟੇ ਤੋਂ ਵੱਧ ਪੀੜਤ ਦਾ ਟਾਇਰ ਨਾਲ ਘੜੀਸੇ ਜਾਣਾ ਗਸ਼ਤ ਕਰ ਰਹੇ ਪੁਲੀਸ ਕਰਮਚਾਰੀਆਂ ਦੀ ਲਾਪਰਵਾਹੀ ਪ੍ਰਤੱਖ ਦਿਖਾਉਂਦਾ ਹੈ। ਪੁਲੀਸ ਕਰਮਚਾਰੀ ਲੜਕੀ ਨੂੰ ਮਾਰਨ ਵਾਲੇ ਵਾਹਨ ਨੂੰ ਦੇਖਣ ਅਤੇ ਰੋਕਣ ਵਿਚ ਨਾਕਾਮ ਰਹੇ ਜਦੋਂਕਿ ਦੋ ਗਵਾਹਾਂ ਨੇ ਇਹ ਭਿਆਨਕ ਦ੍ਰਿਸ਼ ਦੇਖਿਆ। ਇਸ ਘਟਨਾ ਨੇ ਇਸ ਸੜਕ ‘ਤੇ ਸੀਸੀਟੀਵੀ ਕੈਮਰਿਆਂ ਦੀ ਪ੍ਰਤੱਖ ਘਾਟ ਨੂੰ ਵੀ ਉਜਾਗਰ ਕੀਤਾ ਹੈ। ਲੋਕ ਪੂਰੇ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਉਂਦਿਆਂ ਫ਼ਰਜ਼ ਪ੍ਰਤੀ ਕੁਤਾਹੀ ਵਰਤਣ ਅਤੇ ਬੱਜਰ ਗ਼ਲਤੀ ਕਰਨ ਵਾਲੇ ਪੁਲੀਸ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੇ ਹਨ ਜਦੋਂਕਿ ਪੀੜਤ ਲੜਕੀ ਦੇ ਪਰਿਵਾਰ ਨੇ ਪੁਲੀਸ ‘ਤੇ ਮੁਲਜ਼ਮਾਂ ਦਾ ਬਚਾਅ ਕਰਨ ਦੇ ਦੋਸ਼ ਲਗਾਏ ਹਨ ਅਤੇ ਇਸ ਘਟਨਾ ਦੀ ਤੁਲਨਾ 2012 ਦੇ ਨਿਰਭੈਆ ਕਾਂਡ ਨਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਦੇਸ਼ ਭਰ ਵਿਚ ਲੋਕ ਰੋਹ ਵਿਚ ਆ ਗਏ ਸਨ।
ਕਾਰ ਸਵਾਰਾਂ ਨੇ ਇਸ ਲੜਕੀ ਦੀ ਸਕੂਟੀ ਨੂੰ ਟੱਕਰ ਮਾਰਨ ਮਗਰੋਂ ਰੁਕਣ ਦੀ ਜ਼ਹਿਮਤ ਨਹੀਂ ਕੀਤੀ; ਇਸ ਤੋਂ ਵੀ ਬਦਤਰ ਗੱਲ ਇਹ ਹੈ ਕਿ ਸ਼ਾਇਦ ਘੰਟੇ ਕੁ ਮਗਰੋਂ ਆਪਣੀ ਕਾਰ ਦੇ ਹੇਠਾਂ ਫਸੀ ਪੀੜਤ ਦੀ ਲਾਸ਼ ਨੂੰ ਦੇਖ ਕੇ ਵੀ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤੇ ਬਿਨਾ ਭੱਜਣ ਦਾ ਰਾਹ ਚੁਣਿਆ। ਮੁਲਜ਼ਮਾਂ ਦੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਚਲਾਈ ਕਾਰ ਨੇ ਇਕ ਲੜਕੀ ਦੀ ਜਾਨ ਲੈ ਲਈ ਜੋ ਬਿਮਾਰ ਮਾਂ, ਚਾਰ ਭੈਣਾਂ ਅਤੇ ਦੋ ਛੋਟੇ ਭਰਾਵਾਂ ਦੇ ਪਰਿਵਾਰ ਦਾ ਪੇਟ ਪਾਲਦੀ ਸੀ।
ਸੁਲਤਾਨਪੁਰੀ ਦੀ ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਸਿਆਸੀ ਹਿੱਤਾਂ ਤੋਂ ਪ੍ਰੇਰਿਤ ਸ਼ਬਦੀ ਜੰਗ ਕਾਰਨ ਜਾਂਚ ਟੀਮ ਦਾ ਧਿਆਨ ਨਹੀਂ ਭਟਕਣਾ ਚਾਹੀਦਾ। ਹਰ ਪੱਧਰ ਉੱਤੇ ਪੁਲੀਸ ਅਧਿਕਾਰੀਆਂ ਦੀ ਲਾਪਰਵਾਹੀ ਸਬੰਧੀ ਜਾਂਚ ਹੋਣੀ ਵੀ ਜ਼ਰੂਰੀ ਹੈ। ਇਸ ਮਾਮਲੇ ਨੇ, ਖ਼ਾਸਕਰ ਵੇਲੇ-ਕੁਵੇਲੇ ਕੰਮ ‘ਤੇ ਆਉਣ-ਜਾਣ ਵਾਲੇ, ਦੋਪਹੀਆ ਚਾਲਕਾਂ ਦੀ ਸੁਰੱਖਿਆ ‘ਤੇ ਵੀ ਰੌਸ਼ਨੀ ਪਾਈ ਹੈ। ਕੌਮੀ ਅਪਰਾਧ ਰਿਕਾਰਡ ਬਿਓਰੋ ਮੁਤਾਬਿਕ 2021 ਦੌਰਾਨ ਸੜਕ ਹਾਦਸਿਆਂ ਵਿਚ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਵਿਚੋਂ ਤਕਰੀਬਨ ਅੱਧੇ ਦੋਪਹੀਆ ਵਾਹਨਾਂ ‘ਤੇ ਸਵਾਰ ਸਨ। ਪੁਲੀਸ ਦੀ ਚੌਵੀ ਘੰਟੇ ਗਸ਼ਤ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਅਜਿਹੀਆਂ ਮੌਤਾਂ ਦੀ ਗਿਣਤੀ ਘਟਾਉਣ ਵਿਚ ਮਦਦਗਾਰ ਹੋ ਸਕਦੀ ਹੈ। ਉਮੀਦ ਹੈ ਕਿ ਸੁਲਤਾਨਪੁਰੀ ਮਾਮਲੇ ਵਿਚ ਮਿਸਾਲੀ ਕਾਰਵਾਈ ਵਿਵਸਥਾ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਨ ਵਿਚ ਸਹਾਈ ਹੋਵੇਗੀ।