ਜਲੰਧਰ ਵਿੱਚ ਫਿਰ ਚੱਲੀ ਗੋਲੀ
ਪੱਤਰ ਪ੍ਰੇਰਕ
ਜਲੰਧਰ, 7 ਅਗਸਤ
ਬੀਤੀ ਦੇਰ ਰਾਤ ਰਾਜਾ ਸਈਪੁਰੀਆ ਨੇ ਦਾਦਾ ਕਲੋਨੀ ਵਿਖੇ ਘਰੇਲੂ ਵਿਵਾਦ ਕਾਰਨ ਪਹਿਲਾਂ ਆਪਣੇ ਭਤੀਜੇ ਨਾਲ ਕੁੱਟਮਾਰ ਕੀਤੀ ਤੇ ਬਾਅਦ ’ਚ ਗਲੀ ’ਚ ਆ ਕੇ ਰਾਹ ਜਾਂਦੇ ਇਕ ਨੌਜਵਾਨ ਨੂੰ ਗੋਲ਼ੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਰਾਜਾ ਸਈਪੁਰੀਆ ਨੇ ਇਕ ਦਰਜਨ ਤੋਂ ਜ਼ਿਆਦਾ ਗੋਲ਼ੀਆਂ ਚਲਾਈਆਂ, ਜਿਨ੍ਹਾਂ ’ਚੋਂ ਪੁਲੀਸ ਨੂੰ ਜ਼ਿਆਦਾਤਰ ਖੋਲ ਮਿਲ ਗਏ ਹਨ। ਪੁਲੀਸ ਨੇ ਰਾਜਾ ਸਈਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦਾ ਪੁੱਤਰ ਤੇ ਪੰਜ ਹੋਰ ਮੁਲਜ਼ਮ ਫ਼ਰਾਰ ਹੋ ਗਏ।
ਜਾਣਕਾਰੀ ਅਨੁਸਾਰ ਰਾਜਾ ਸਈਪੁਰੀਆ ਆਪਣੇ ਪੁੱਤਰ ਤੇ ਚਾਰ-ਪੰਜ ਜਣਿਆਂ ਨਾਲ ਆਪਣੇ ਪੁਸ਼ਤੈਨੀ ਘਰ ਆਇਆ ਹੋਇਆ ਸੀ। ਉਸ ਦਾ ਆਪਣੇ ਭਤੀਜੇ ਬਿੱਲੇ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਤੇ ਦੋਵਾਂ ਧਿਰਾਂ ’ਚ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਰਾਜਾ ਸਈਪੁਰੀਆ ਘਰੋਂ ਬਾਹਰ ਆ ਗਿਆ ਤੇ ਹਵਾਈ ਫਾਇਰ ਕਰਨ ਲੱਗ ਪਿਆ। ਇਸ ਦੌਰਾਨ ਮੁਹੱਲੇ ਵਿਚੋਂ ਲੰਘ ਰਹੇ ਹੈਪੀ ਨੂੰ ਰੋਕ ਕੇ ਉਸ ਦੀ ਬਾਂਹ ’ਤੇ ਗੋਲ਼ੀ ਮਾਰ ਦਿੱਤੀ, ਜਿਸ ਨਾਲ ਹੈਪੀ ਗੰਭੀਰ ਜ਼ਖ਼ਮੀ ਹੋ ਗਿਆ। ਇਲਾਕੇ ’ਚ ਗੋਲ਼ੀਆਂ ਦੀ ਆਵਾਜ਼ ਸੁਣ ਕੇ ਲੋਕਾਂ ’ਚ ਦਹਿਸ਼ਤ ਫੈਲ ਗਈ। ਗੋਲ਼ੀਆਂ ਦੀ ਆਵਾਜ਼ ਸੁਣਦਿਆਂ ਦੀ ਲੋਕ ਘਰਾਂ ਵਿਚ ਚਲੇ ਗਏ ਤੇ ਦਰਵਾਜ਼ੇ ਬੰਦ ਕਰ ਲਏ, ਜਦਕਿ ਰਾਜਾ ਸਈਪੁਰੀਆ ਗਲੀ ਵਿਚ ਖੜ੍ਹਾ ਲਲਕਾਰੇ ਮਾਰਦਾ ਰਿਹਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-8 ਦੇ ਮੁਖੀ ਪ੍ਰਦੀਪ ਸਿੰਘ, ਥਾਣਾ-1 ਦੇ ਮੁਖੀ ਇੰਸਪੈਕਟਰ ਨਵਦੀਪ ਸਿੰਘ, ਥਾਣਾ ਤਿੰਨ ਦੇ ਮੁਖੀ ਇੰਸਪੈਕਟਰ ਰਾਜੇਸ਼ ਸ਼ਰਮਾ ਮੌਕੇ ’ਤੇ ਪੁੱਜੇ ਤੇ ਰਾਜਾ ਸਈਪੁਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮੌਕੇ ਤੋਂ ਦਸ ਖੋਲ ਬਰਾਮਦ ਕੀਤੇ ਹਨ ਤੇ ਵਾਰਦਾਤ ਵਿਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਤੇ ਮਾਮਲੇ ਦੀ ਜਾਂਚ ਵਿਚ ਜੁਟ ਗਏ।
ਗੋਲੀਆਂ ਚੱਲਣ ਕਾਾਰਨ ਦੋ ਜ਼ਖ਼ਮੀ
ਤਰਨ ਤਾਰਨ (ਪੱਤਰ ਪ੍ਰੇਰਕ): ਬੀਤੇ ਦਿਨ ਐਤਵਾਰ ਨੂੰ ਤਰਨ ਤਾਰਨ ਦੀ ਜੋਧਪੁਰ ਸੜਕ ’ਤੇ ਹਥਿਆਰਬੰਦ ਮੋਟਰਸਾਈਕਲ ਵਿਅਕਤੀਆਂ ਵਲੋਂ ਦੋ ਜਣਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ| ਜ਼ਖਮੀਆਂ ਵਿੱਚ ਜੋਧਪੁਰ ਰੋਡ ਦੇ ਵਾਸੀ ਸ਼ਰਨਜੀਤ ਸਿੰਘ ਉਰਫ ਕੱਟਾ ਅਤੇ ਗਗਨ ਦਾ ਨਾਮ ਸ਼ਾਮਲ ਹੈ| ਇਸ ਘਟਨਾ ਪਿੱਛੇ ਦੋਹਾਂ ਧਿਰਾਂ ਦਰਮਿਆਨ ਚਲਦੀ ਖਿਚੋਤਾਣ ਕਾਰਨ ਦੱਸੀ ਜਾ ਰਹੀ ਹੈ| ਪੁਲੀਸ ਨੇ ਇਸ ਸਬੰਧੀ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਨੇ ਜੋਧਪੁਰ ਰੋਡ ਤੇ ਗੁਰੂਕਿਰਪਾ ਮੈਡੀਕਲ ਸਟੋਰ ਦੇ ਮਾਲਕ ਸ਼ਰਨਜੀਤ ਸਿੰਘ ਦੀ ਦੁਕਾਨ ’ਤੇ ਬੈਠੇ ਨੂੰ ਗੋਲੀਆਂ ਮਾਰ ਕੇ ਜ਼ਖਮੀ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਗਗਨ ਨੂੰ ਸੱਟਾਂ ਮਾਰੀਆਂ| ਮਾਮਲੇ ਦੀ ਜਾਂਚ ਕਰਦੇ ਪੁਲੀਸ ਅਧਿਕਾਰੀ ਏਐਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਹਰਪ੍ਰੀਤ ਸਿੰਘ ਹੈਪੀ ਬਾਬਾ, ਉਸ ਦਾ ਭਰਾ ਮਨਪ੍ਰੀਤ ਸਿੰਘ ਨੰਨੂ, ਰੋਬਿਨ ਤੇ ਬਿੱਟੂ ਵਾਸੀ ਅਲਾਦੀਨਪੁਰ ਦੇ ਤੌਰ ’ਤੇ ਕੀਤੀ ਗਈ ਹੈ| ਮੁਲਜ਼ਮਾਂ ਵਿੱਚ ਉਨ੍ਹਾਂ ਦੇ ਚਾਰ ਅਣਪਛਾਤੇ ਸਾਥੀ ਵੀ ਸ਼ਾਮਲ ਸਨ| ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਥਾਣਾ ਘਰਿੰਡਾ ਵੱਲੋਂ ਇੱਕ ਰਿਵਾਲਵਰ, 15 ਰੌਂਦ ਸਣੇ ਇੱਕ ਕਾਬੂ
ਅਟਾਰੀ (ਪੱਤਰ ਪ੍ਰੇਰਕ): ਡੀਐਸਪੀ ਅਟਾਰੀ ਪ੍ਰਵੇਸ਼ ਚੋਪੜਾ ਨਿਗਰਾਨੀ ਹੇਠ ਪੁਲੀਸ ਨੇ ਮਨਜੀਤ ਸਿੰਘ ਪੁੱਤਰ ਕਾਬਲ ਸਿੰਘ ਪਿੰਡ ਬੋਪਾਰਾਏ ਕਲਾਂ ਇੱਕ 32 ਬੋਰ ਦਾ ਰਿਵਾਲਵਰ ਸਮੇਤ 15 ਜਿੰਦਾ ਰੌਂਦ ਬਰਾਮਦ ਕੀਤੇ। ਰਿਵਾਲਵਰ ਦੇ ਲਾਇਸੈਂਸ ਬਾਰੇ ਪੁੱਛਣ ’ਤੇ ਮਨਜੀਤ ਸਿੰਘ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ। ਜਿਸ ਸਬੰਧੀ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਗਿਆ ਹੈ।