ਨਾਂਗਲੋਈ ਅਤੇ ਅਲੀਪੁਰ ’ਚ ਗੋਲੀਆਂ ਚਲਾਉਣ ਸਬੰਧੀ ਇੱਕ ਹੋਰ ਸ਼ੂਟਰ ਗ੍ਰਿਫ਼ਤਾਰ
ਨਵੀਂ ਦਿੱਲੀ, 13 ਨਵੰਬਰ
ਕੌਮੀ ਰਾਜਧਾਨੀ ਵਿੱਚ ਨਾਂਗਲੋਈ ਅਤੇ ਅਲੀਪੁਰ ਖੇਤਰਾਂ ਵਿੱਚ ਚਾਰ ਨਵੰਬਰ ਨੂੰ ਚੱਲੀਆਂ ਗੋਲੀਆਂ ਦੀਆਂ ਵਾਰਦਾਤਾਂ ਵਿੱਚ ਕਥਿਤ ਰੂਪ ਵਿੱਚ ਸ਼ਾਮਲ ਇੱਕ ਸ਼ੂਟਰ ਨੂੰ ਅੱਜ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰਾਮਨਿਵਾਸ ਉਰਫ਼ ਮੋਗਲੀ ਨੂੰ ਸ਼ਾਹਬਾਦ ਡੇਅਰੀ ਖੇਤਰ ਵਿੱਚ ਇੱਕ ਮੁਕਾਬਲੇ ਦੌਰਾਨ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਉਸ ਦੇ ਪੈਰ ਵਿੱਚ ਗੋਲੀ ਲੱਗੀ। ਉਨ੍ਹਾਂ ਦੱਸਿਆ ਕਿ ਕਿ ਇਹ ਉਨ੍ਹਾਂ ਤਿੰਨਾਂ ਮੁਲਜ਼ਮਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਪੈਸੇ ਵਸੂਲਣ ਲਈ ਨਾਂਗਲੋਈ ਅਤੇ ਅਲੀਪੁਰ ਵਿੱਚ ਸ਼ੋਅਰੂਮ ਅਤੇ ਦਫ਼ਤਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸ ਕੋਲੋਂ ਮੋਟਰਸਾਈਕਲ ਅਤੇ ਦੋ ਹਥਿਆਰ ਬਰਾਮਦ ਹੋਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਖੇੜਾ ਨਹਿਰ ਕੋਲ ਇਸ ਸਬੰਧੀ ਪੁਲੀਸ ਨੇ ਨਾਕਾ ਲਾਇਆ ਹੋਇਆ ਸੀ। ਜਿਵੇਂ ਹੀ ਰਾਮਨਿਵਾਸ ਮੋਟਰਸਾਈਕਲ ’ਤੇ ਆਇਆ, ਪੁਲੀਸ ਨੇ ਨਾਕੇ ਦੌਰਾਨ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਉਸ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ ਤੋਂ ਡਿੱਗਣ ਮਗਰੋਂ ਮੁਲਜ਼ਮ ਨੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲੀਸ ਵੱਲੋਂ ਜਵਾਬੀ ਫਾਇਰਿੰਗ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਪੈਰ ’ਤੇ ਵੱਜੀ। ਇਸ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ। ਇਨ੍ਹਾਂ ਵਾਰਦਾਤਾਂ ਲਈ ਆਕਾਸ਼ ਰਾਠੌਰ ਅਤੇ ਇੱਕ ਨਾਬਾਲਗ ਨੂੰ ਪਹਿਲਾਂ ਹੀ ਛੇ ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।-ਪੀਟੀਆਈ