ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਕ ਹੋਰ ਕਤਲ ਕਾਂਡ

06:56 AM Oct 27, 2023 IST

ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਫ਼ਲਸਤੀਨ ਬਾਰੇ ਹੋਈ ਮੀਟਿੰਗ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਜ਼ੋਰ ਦੇ ਕੇ ਕਿਹਾ ਕਿ ਦਹਿਸ਼ਤੀ ਕਾਰਵਾਈਆਂ ‘ਗ਼ੈਰ-ਕਾਨੂੰਨੀ ਅਤੇ ਗ਼ੈਰ-ਵਾਜਬ ਹਨ’, ਭਾਵੇਂ ਇਹ ਆਈਐਸਆਈਐਸ ਵੱਲੋਂ ਕੀਤੀਆਂ ਗਈਆਂ ਹੋਣ, ਭਾਵੇਂ ਬੋਕੋ ਹਰਮ, ਲਸ਼ਕਰ-ਏ-ਤੋਇਬਾ ਜਾਂ ਹਮਾਸ ਵੱਲੋਂ ਕੀਤੀਆਂ ਗਈਆਂ ਹੋਣ। ਬਲਿੰਕਨ ਨੇ ਸੰਸਾਰ ਵਿਚ ਹਰ ਕਿਤੇ ਆਮ ਲੋਕਾਂ ਦੀ ਜਾਨ ਦੀ ਰਾਖੀ ਦੀ ਲੋੜ ਉੱਤੇ ਜ਼ੋਰ ਦਿੱਤਾ। ਆਪਣੇ ਇਸ ਜੋਸ਼ੀਲੇ ਤੇ ਜਜ਼ਬਾਤੀ ਭਾਸ਼ਣ ਦੌਰਾਨ ਅਮਰੀਕਾ ਵਿਚ ਰਹਿੰਦੇ ਅਜਿਹੇ ਬੰਦੂਕਧਾਰੀ ਬਲਿੰਕਨ ਦੇ ਚਿੱਤ-ਚੇਤਿਆਂ ਵਿਚ ਵੀ ਨਹੀਂ ਹੋਣਗੇ ਜਿਹੜੇ ਅੰਨ੍ਹੇਵਾਹ ਫਾਇਰਿੰਗ/ਗੋਲਾਬਾਰੀ ਕਰ ਕੇ ਅਮਰੀਕਾ ਵਿਚ ਖ਼ੂਨ-ਖ਼ਰਾਬਾ ਕਰਦੇ ਤੇ ਦਹਿਸ਼ਤ ਫੈਲਾਉਂਦੇ ਹਨ– ਉਨ੍ਹਾਂ ਦੇ ਨਿਸ਼ਾਨੇ ’ਤੇ ਕੋਈ ਵੀ ਹੋ ਸਕਦਾ ਹੈ, ਫਿਰ ਭਾਵੇਂ ਇਹ ਸਕੂਲ ਹੋਣ, ਪਰਚੂਨ ਦੀਆਂ ਦੁਕਾਨਾਂ ਜਾਂ ਰੈਸਤਰਾਂ ਹੋਣ ਜਾਂ ਫਿਰ ਪੂਜਾ ਸਥਲ (ਮਿਸਾਲ ਵਜੋਂ, 2012 ’ਚ ਵਿਸਕਾਨਸਨਿ ਦੇ ਗੁਰਦੁਆਰੇ ਵਿਚ ਕੀਤੀਆਂ ਗਈਆਂ ਹੱਤਿਆਵਾਂ)।
ਇਕ ਅਜਿਹੇ ਹੀ ਬੰਦੂਕਧਾਰੀ ਕਾਤਲ ਨੇ ਅਮਰੀਕੀ ਸੂਬੇ ਮੇਨ ਦੇ ਸ਼ਹਿਰ ਲੇਵਿਸਟਨ ਵਿਚ ਬੁੱਧਵਾਰ ਨੂੰ 16 ਲੋਕਾਂ ਦੀ ਜਾਨ ਲੈ ਲਈ। ਸ਼ੱਕੀ ਮੁਲਜ਼ਮ ਦੀ ਸ਼ਨਾਖ਼ਤ ਰੌਬਰਟ ਕਾਰਡ ਵਜੋਂ ਹੋਈ ਹੈ ਜੋ ਅਗਨ-ਹਥਿਆਰਾਂ ਦੀ ਸਿਖਲਾਈ ਦੇਣ ਵਾਲਾ ਉਸਤਾਦ (ਟਰੇਂਡ ਇੰਸਟਰਕਟਰ) ਹੈ ਅਤੇ ਅਮਰੀਕਾ ਦੀ ਰਾਖਵੀਂ (ਰਿਜ਼ਰਵ) ਫ਼ੌਜ ਦਾ ਮੈਂਬਰ ਹੈ। ਉਹ ਇਸ ਸਾਲ ਦੇ ਸ਼ੁਰੂ ਵਿਚ ਦੋ ਹਫ਼ਤਿਆਂ ਲਈ ਮਾਨਿਸਕ ਸਿਹਤ ਸਬੰਧੀ ਹਸਪਤਾਲ ਵਿਚ ਦਾਖ਼ਲ ਰਹਿ ਚੁੱਕਾ ਹੈ; ਉਸ ਨੂੰ ਕਥਿਤ ਤੌਰ ’ਤੇ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਅਤੇ ਉਸ ਨੇ ਇਕ ਫ਼ੌਜੀ ਅੱਡੇ ਵਿਚ ‘ਗੋਲੀਬਾਰੀ ਕਰਨ’ ਦੀ ਧਮਕੀ ਵੀ ਦਿੱਤੀ ਸੀ। ਇਹ ਸਚਾਈ ਕਿ ਮਾਨਿਸਕ ਤੌਰ ’ਤੇ ਅਸਥਿਰ ਅਤੇ ਹਿੰਸਕ ਰੁਝਾਨ ਵਾਲਾ ਇਕ ਅਮਰੀਕੀ ਖੁੱਲ੍ਹੇਆਮ ਤੇ ਉਹ ਵੀ ਬੰਦੂਕ ਸਣੇ ਘੁੰਮ ਰਿਹਾ ਹੈ, ਮੁਲਕ ਦੇ ਅਫ਼ਸੋਸਨਾਕ ਹਾਲਾਤ ਨੂੰ ਦਰਸਾਉਂਦੀ ਹੈ। ਯਕੀਨਨ, ਅਮਰੀਕਾ ਇਕ ਵਾਰ ਫਿਰ ਆਪਣੀ ਹੀ ਸਰਜ਼ਮੀਨ ਉੱਤੇ ਆਪਣੇ ਆਮ ਲੋਕਾਂ ਦੀ ਜਾਨ ਦੀ ਰਾਖੀ ਕਰਨ ਵਿਚ ਨਾਕਾਮਯਾਬ ਰਿਹਾ ਹੈ। ਕਿਸੇ ਵੀ ਸਮਾਜ ਵਿਚ ਹੋ ਰਹੀਆਂ ਅਜਿਹੀਆਂ ਹਿੰਸਕ ਕਾਰਵਾਈਆਂ ਉਸ ਸਮਾਜ ਦਾ ਅਕਸ ਹੁੰਦੀਆਂ ਹਨ; ਇਹ ਕਾਰਵਾਈਆਂ ਖਿਲਾਅ ਵਿਚ ਪੈਦਾ ਨਹੀਂ ਹੁੰਦੀਆਂ। ਇਹ ਸਮਾਜ ਵਿਚ ਪਨਪ ਰਹੀ ਸੂਖਮ ਹਿੰਸਾ ਅਤੇ ਨਫ਼ਰਤ ’ਚੋਂ ਹੀ ਪਨਪਦੀਆਂ ਹਨ। ਆਰਡੀ ਲੈਂਗ ਜਿਹੇ ਮਨੋਵਿਗਿਆਨਕ ਮਾਨਸਿਕ ਸਿਹਤ ਵਿਚ ਪੈਂਦੇ ਵਿਗਾੜਾਂ ਨੂੰ ਸਰਮਾਏਦਾਰੀ ਨਿਜ਼ਾਮ ਅਤੇ ਇਸ ਦੁਆਰਾ ਪੈਦਾ ਕੀਤੇ ਗਏ ਚਮਕ ਦਮਕ ਵਾਲੇ ਖੋਖਲੇ ਸਭਿਆਚਾਰ ਨਾਲ ਜੋੜ ਕੇ ਦੇਖਦੇ ਆਏ ਹਨ ਜਿਸ ਵਿਚ ਮਨੁੱਖ ਪੈਸੇ ਦਾ ਗ਼ੁਲਾਮ ਬਣ ਕੇ ਰਹਿ ਜਾਂਦਾ ਹੈ; ਉਸ ਦੀਆਂ ਮਨੁੱਖੀ ਭਾਵਨਾਵਾਂ ਤੇ ਕਦਰਾਂ-ਕੀਮਤਾਂ ਨੂੰ ਖੋਰਾ ਲੱਗਦਾ ਹੈ ਤੇ ਕਈ ਵਾਰ ਉਹ ਆਪਣੀ ਮਨੁੱਖਤਾ ਗਵਾ ਬਹਿੰਦਾ ਹੈ ਜਿਵੇਂ ਇਸ ਕੇਸ ਵਿਚ ਹੋਇਆ।
ਗ਼ੈਰ-ਮੁਨਾਫ਼ਾ ਕਮਾਊ ਸੰਸਥਾ ‘ਬੰਦੂਕੀ ਹਿੰਸਾ ਆਰਕਾਈਵ’ (ਗੰਨ ਵਾਇਲੈਂਸ ਆਰਕਾਈਵ) ਮੁਤਾਬਕ ਅਮਰੀਕਾ ਵਿਚ ਇਸ ਸਾਲ ਦੌਰਾਨ ਹੁਣ ਤੱਕ ਸਮੂਹਿਕ ਗੋਲੀਬਾਰੀ– ਜਿਸ ਵਿਚ ਚਾਰ ਜਾਂ ਵੱਧ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਹੋਵੇ– ਦੀਆਂ 560 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ। 2022 ਦੌਰਾਨ ਸਮੂਹਿਕ ਗੋਲੀਬਾਰੀ ਦੀਆਂ 647 ਘਟਨਾਵਾਂ ਵਾਪਰੀਆਂ। ਇਸ ਦੇ ਬਾਵਜੂਦ ਅਜਿਹੇ ਮੌਕਿਆਂ ਉੱਤੇ ਹੀ ਹੋਣ ਵਾਲੇ ਗੁੱਸੇ ਅਤੇ ਵਿਰੋਧ ਦੇ ਪ੍ਰਗਟਾਵੇ ਇੰਨੇ ਜ਼ੋਰਦਾਰ ਨਹੀਂ ਹੁੰਦੇ ਕਿ ਉਹ ਅਮਰੀਕਾ ਦੀ ਤਾਕਤਵਰ ਬੰਦੂਕ ਲੌਬੀ ਨੂੰ ਹਿਲਾ ਸਕਣ ਜਾਂ ਬੰਦੂਕਾਂ ਸਬੰਧੀ ਕਾਨੂੰਨਾਂ ਨੂੰ ਹੀ ਸਖ਼ਤ ਕਰਵਾ ਸਕਣ; ਇਹ ਲੌਬੀ ਬਿਨਾ ਲਾਇਸੈਂਸ ਲਏ ਹਥਿਆਰ ਖਰੀਦਣ ਅਤੇ ਰੱਖਣ ਤੇ ਵਰਤਣ ਦੀ ਹਮਾਇਤ ਕਰਦੀ ਹੈ। ਬੀਤੇ ਸਾਲ ਮਈ ਵਿਚ ਅਜਿਹੀਆਂ ਦੋ ਘਟਨਾਵਾਂ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੰਦੂਕ ਲੌਬੀ ਖਿਲਾਫ਼ ਖੜ੍ਹੇ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਸੀ ਪਰ ਮੇਨ ਸੂਬੇ ਵਿਚ ਹੋਇਆ ਖ਼ੂਨ-ਖ਼ਰਾਬਾ ਜ਼ਾਹਰ ਕਰਦਾ ਹੈ ਕਿ ਅਮਰੀਕੀ ਸਰਕਾਰ ਆਪਣੇ ਮੁਲਕ ਨੂੰ ਦਰੁਸਤ ਕਰਨ ਜਾਂ ਗ਼ਲਤੀਆਂ ਤੋਂ ਸਬਕ ਸਿੱਖਣ ਦਾ ਕੋਈ ਸੁਹਿਰਦ ਇਰਾਦਾ ਨਹੀਂ ਹੈ। ਮੁਨਾਫ਼ੇ ਤੇ ਲਾਲਚ ’ਤੇ ਉਸਾਰੇ ਜਾ ਰਹੇ ਅਜਿਹੇ ਸਮਾਜ ਵਿਚ ਹਿੰਸਾ ਹੋਣੀ ਸੁਭਾਵਿਕ ਹੈ।

Advertisement

Advertisement