ਬਾਹਰੋਂ ਹਥਿਆਰ ਲਿਆ ਕੇ ਵੇਚਣ ਵਾਲੇ ਗਰੋਹ ਦਾ ਇੱਕ ਹੋਰ ਮੈਂਬਰ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਪਠਾਨਕੋਟ, 5 ਅਕਤੂਬਰ
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਬਾਹਰਲੇ ਰਾਜਾਂ ਤੋਂ ਹਥਿਆਰ ਲਿਆ ਕੇ ਅਪਰਾਧੀਆਂ ਨੂੰ ਵੇਚਣ ਵਾਲੇ ਫੜੇ ਗਰੋਹ ਦੇ ਇੱਕ ਹੋਰ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ। ਥਾਣਾ ਮੁਖੀ ਸ਼ੋਹਰਤ ਮਾਨ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪੁਲੀਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਵਿੱਚ ਦੀਪਕ ਮਲਹੋਤਰਾ ਉਰਫ਼ ਸੋਰਵ ਵਾਸੀ ਪ੍ਰੇਮ ਨਗਰ ਢਾਕੀ ਰੋਡ ਪਠਾਨਕੋਟ, ਜੋਬਨਪ੍ਰੀਤ ਸਿੰਘ ਉਰਫ਼ ਬਿੱਲਾ ਵਾਸੀ ਗੋਸਲ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ, ਪਵਨ ਕੁਮਾਰ ਉਰਫ਼ ਊਟ ਵਾਸੀ ਪੱਖੋਚੱਕ ਥਾਣਾ ਤਾਰਾਗੜ੍ਹ ਪਠਾਨਕੋਟ, ਸ਼ਾਮ ਵਾਸੀ ਕੱਚੇ ਕੁਆਟਰ ਪਠਾਨਕੋਟ ਅਤੇ ਅਜੇ ਭਗਤ ਉਰਫ ਕਾਲੀ ਬਾਊਂਸਰ ਵਾਸੀ ਸੈਲੀ ਕੁੱਲੀਆਂ ਪਠਾਨਕੋਟ ਸ਼ਾਮਲ ਸਨ। ਪੁਲੀਸ ਨੇ ਇਨ੍ਹਾਂ ਸਾਰਿਆਂ ਦਾ ਅਦਾਲਤ ਤੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਜਿਸ ਤੋਂ ਬਾਅਦ ਪੁਲੀਸ ਨੇ ਇਸ ਗਰੋਹ ਦੇ 4 ਹੋਰ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮ ਮਲਹੋਤਰਾ ਉਰਫ਼ ਸੌਰਵ ਦੇ ਦੋਸਤ ਮਹਿਤਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ 12 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਪਿਸਤੌਲ ਦੀਪਕ ਮਲਹੋਤਰਾ ਉਰਫ਼ ਸੌਰਵ ਦਾ ਸੀ। ਹੁਣ ਤੱਕ ਪੁਲੀਸ ਨੇ ਮੁਲਜ਼ਮਾਂ ਕੋਲੋਂ 6 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਇਹ ਸਾਰੇ ਮੁਲਜ਼ਮ ਰਾਜਸਥਾਨ ਤੋਂ ਹਥਿਆਰ ਲਿਆ ਕੇ ਅਪਰਾਧੀਆਂ ਨੂੰ ਅੱਗੇ ਸਪਲਾਈ ਕਰਦੇ ਸਨ। ਹਾਲਾਂਕਿ ਇਸ ਗਰੋਹ ਦੇ ਤਿੰਨ ਮੁਲਜ਼ਮ ਅਜੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।