ਓਲੰਪਿਕ: ਭਾਰਤ ਨੂੰ ਨਿਸ਼ਾਨੇਬਾਜ਼ੀ ’ਚ ਇਕ ਹੋਰ ਤਗ਼ਮਾ; ਸਵਪਨਿਲ ਕੁਸਾਲੇ ਨੇ ਫੁੰਡੀ ਕਾਂਸੀ
ਪੈਰਿਸ, 1 ਅਗਸਤ
ਭਾਰਤ ਦੇ ਸਵਪਨਿਲ ਕੁਸਾਲੇ ਨੇ 50 ਮੀਟਰ ਰਾਈਫਲ 3 ਪੁਜ਼ੀਸ਼ਨ ਮੁਕਾਬਲੇ ਵਿਚ 451.4 ਦੇ ਸਕੋਰ ਨਾਲ ਦੇਸ਼ ਦੀ ਝੋਲੀ ਕਾਂਸੀ ਦਾ ਤਗ਼ਮਾ ਪਾਇਆ ਹੈ। ਸੋਨੇ ਤੇ ਚਾਂਦੀ ਦਾ ਤਗ਼ਮਾ ਕ੍ਰਮਵਾਰ ਚੀਨ ਦੇ ਯੁਕੁਨ ਲਿਉ(463.6) ਤੇ ਯੂਕਰੇਨ ਦੇ ਐੌੱਸ. ਕੁਲਿਸ਼ (461.3) ਨੇ ਜਿੱਤਿਆ। ਨਿਸ਼ਾਨੇਬਾਜ਼ੀ ਵਿਚ ਭਾਰਤ ਦਾ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਮਨੂ ਭਾਕਰ ਨੇ ਵਿਅਕਤੀਗਤ ਮੁਕਾਬਲੇ ਤੇ ਟੀਮ ਮੁਕਾਬਲੇ ਵਿਚ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਰਾਹੀਂ ਕੁਸਾਲੇ ਨੂੰ ਜਿੱਤ ਲਈ ਵਧਾਈ ਦਿੱਤੀ ਹੈ।
ਕੁਸਾਲੇ ਦਾ ਪਿਤਾ ਤੇ ਭਰਾ ਸਰਕਾਰੀ ਸਕੂਲ ’ਚ ਅਧਿਆਪਕ ਹਨ ਜਦੋਂਕਿ ਮਾਤਾ ਮਹਾਰਾਸ਼ਟਰ ਦੇ ਕੋਲ੍ਹਾਪੁਰ ਨੇੜੇ ਕੰਬਲਵਾੜੀ ਪਿੰਡ ਦੀ ਸਰਪੰਚ ਹੈ। ਇਸ ਤੋਂ ਪਹਿਲਾਂ ਸਾਲ 2012 ਵਿਚ ਲੰਡਨ ਓਲੰਪਿਕ ਦੌਰਾਨ ਜੌਏਦੀਪ ਕਰਮਾਕਰ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ਦੇ ਫਾਈਨਲ ਵਿਚ ਚੌਥੇ ਸਥਾਨ ’ਤੇ ਰਿਹਾ ਸੀ। ਕੁੁਸਾਲੇ, ਜੋ ਪੁਣੇ ਵਿਚ ਟਿਕਟ ਕੁਲੈਕਟਰ ਹੈ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦਾ ਹੈ। ਕੁਸਾਲੇ ਬੁੱਧਵਾਰ ਨੂੰ ਕੁਆਲੀਫਾਇੰਗ ਗੇੜ ਦੌਰਾਨ ਸੱਤਵੇਂ ਸਥਾਨ ’ਤੇ ਰਿਹਾ ਸੀ। -ਪੀਟੀਆਈ