ਰੈੱਡ ਕਰਾਸ ਦੇ ਪੰਘੂੜੇ ’ਚ ਆਈ ਇੱਕ ਹੋਰ ਨੰਨ੍ਹੀ ‘ਪਰੀ’
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਜੁਲਾਈ
ਰੈੱਡ ਕਰਾਸ ਦੇ ਪੰਘੂੜੇ ਵਿੱਚ ਇੱਕ ਨਵਜੰਮੀ ਬੱਚੀ ਆਈ ਹੈ, ਜਿਸ ਨੂੰ ਤੁਰੰਤ ਮੈਡੀਕਲ ਜਾਂਚ ਵਾਸਤੇ ਪਾਰਵਤੀ ਦੇਵੀ ਹਸਪਤਾਲ ਭੇਜਿਆ ਗਿਆ ਅਤੇ ਇਹ ਬੱਚੀ ਇਲਾਜ ਲਈ ਹੁਣ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਾਲ 2008 ਵਿੱਚ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 191 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਬੱਚੀ ਨੂੰ ਲਾਪਾ ਸਕੀਮ ਅਧੀਨ ਸਵਾਮੀ ਗੰਗਾ ਨੰਦ ਭੂਰੀ ਵਾਲੇ ਫਾਉਂਡੇਸ਼ਨ ਧਾਮ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ, ਜਿਥੇ ਪਹਿਲਾਂ ਭੇਜੇ ਗਏ ਬੱਚਿਆਂ ਵਾਂਗ ਸਰਕਾਰ ਵੱਲੋਂ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੰਸਥਾ ਵਲੋਂ ਇਸ ਦੀ ਲੋੜਵੰਦ ਪਰਿਵਾਰ ਨੂੰ ਗੋਦ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਦੀ ਸਹਾਇਤਾ ਨਾਲ ਸ਼ੁਰੂ ਇਸ ਸਕੀਮ ਤਹਿਤ ਪੰਘੂੜੇ ਵਿਚ ਹੁਣ ਤੱਕ ਆਏ ਬੱਚਿਆਂ ਵਿਚੋਂ ਵੱਡੀ ਗਿਣਤੀ ਲੜਕੀਆਂ ਸ਼ਾਮਲ ਹੈ। ਲੜਕੀਆਂ ਨੂੰ ਇੰਝ ਛੱਡ ਦੇਣਾ ਸਮਾਜ ਲਈ ਇਕ ਗੰਭੀਰ ਮਸਲਾ ਹੈ। ਇਹ ਨੰਨੀ ਬੱਚੀ ਨੂੰ 13 ਜੁਲਾਈ ਨੂੰ ਕੋਈ ਛੱਡ ਗਿਆ ਸੀ । ਹੁਣ ਤੱਕ ਪੰਘੂੜਾ ਸਕੀਮ ਹੇਠ ਇ ਥੇ ਆ ਏ ਬੱਚਿਆਂ ਦੀ ਗਿਣਤੀ 191 ਹੋ ਗਈ ਹੈ। ਜਿਨਾਂ ਵਿਚ 160 ਲੜਕੀਆਂ ਅਤੇ 31 ਲੜਕੇ ਸ਼ਾਮਲ ਹਨ।