ਪੰਜਾਬੀ ’ਵਰਸਿਟੀ ਨੂੰ ਤੀਹ ਕਰੋੜ ਦੀ ਹੋਰ ਗਰਾਂਟ ਜਾਰੀ
ਖੇੇਤਰੀ ਪ੍ਰਤੀਨਿਧ
ਪਟਿਆਲਾ, 20 ਜੁਲਾਈ
ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਤੀਹ ਕਰੋੜ ਰੁਪਏ ਪ੍ਰਤੀ ਮਹੀਨਾ ਗਰਾਂਟ ਦੇਣ ਦੇ ਕੀਤੇ ਗਏ ਵਾਅਦੇ ਮੁਤਾਬਿਕ ਤਿੰਨ ਮਹੀਨਿਆਂ ਲਈ 90 ਕਰੋੜ ਦੀ ਇੱਕ ਕਿਸ਼ਤ ਜਾਰੀ ਕਰਨ ਉਪਰੰਤ ਹੁਣ ਜੁਲਾਈ ਮਹੀਨੇ ਲਈ ਤੀਹ ਕਰੋੜ ਰੁਪਏ ਦੀ ਹੋਰ ਗਰਾਂਟ ਜਾਰੀ ਕਰ ਦਿੱਤੀ ਗਈ ਹੈ। ਇਸ ਵਿੱਚੋਂ ਹੀ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਵੀ ਜਾਰੀ ਕੀਤੀਆਂ। ਤੀਹ ਕਰੋੜ ਦੀ ਇਹ ਗਰਾਂਟ ਜਾਰੀ ਕਰਨ ਦੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੁਸ਼ਟੀ ਕੀਤੀ ਹੈ
ਗੌਰਤਲਬ ਹੈ ਕਿ ਗਰਾਂਟ ’ਚ ਵਾਧੇ ਦੀ ਮੰਗ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਵੱਲੋਂ ਵਿੱਢੇ ਗਏ ਸੰਘਰਸ਼ ਅਤੇ ਵਾਈਸ ਚਾਂਸਲਰ ਡਾ.ਅਰਵਿੰਦ ਦੇ ਯਤਨਾਂ ਸਦਕਾ ਸਰਕਾਰ ਵੱਲੋਂ ਪ੍ਰਤੀ ਮਹੀਨਾ ਤੀਹ ਕਰੋੜ ਰੁਪਏ ਗਰਾਂਟ ਦੇਣ ਦਾ ਵਾਅਦਾ ਕੀਤਾ ਸੀ। ਜਿਸ ਤਹਿਤ ਪਹਿਲੀ ਕਿਸ਼ਤ ਵਜੋਂ ਤਿੰਨ ਮਹੀਨਿਆਂ ਦੀ 90 ਕਰੋੜ ਰੁਪਏ ਗਰਾਂਟ ਉਦੋਂ ਹੀ ਜਾਰੀ ਕਰ ਦਿੱਤੀ ਗਈ ਸੀ।
ਹੋਸਟਲ ਵਾਰਡਨਾਂ ਲਈ ‘ਸਮਰਥਾ ਨਿਰਮਾਣ’ ਵਿਸ਼ੇ ਉੱਤੇ ਵਰਕਸ਼ਾਪ
ਪਟਿਆਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਯੂਨੀਵਰਸਿਟੀ ਵਿੱਚ ਡੀਨ ਵਿਦਿਆਰਥੀ ਭਲਾਈ ਦੇ ਦਫ਼ਤਰ ਵੱਲੋਂ ਹੋਸਟਲ ਵਾਰਡਨਾਂ ਲਈ ‘ਸਮਰਥਾ ਨਿਰਮਾਣ’ ਦੇ ਵਿਸ਼ੇ ਸਬੰਧੀ ਵਰਕਸ਼ਾਪ ਕਰਵਾਈ ਗਈ। ਇਸ ਦੌਰਾਨ ਹੋਸਟਲਾਂ ਤੋਂ ਸਾਰੇ ਵਾਰਡਨਾਂ ਅਤੇ ਸੀਨੀਅਰ ਵਾਰਡਨਾਂ ਨੇ ਹਿੱਸਾ ਲਿਆ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਵਿੱਚ ਸ਼ਿਰਕਤ ਕਰਦਿਆਂ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਕਦਮ ਦੀ ਸ਼ਲਾਘਾ ਕੀਤੀ। ਮੁੱਖ ਬੁਲਾਰੇ ਵਜੋਂ ਡਾ. ਵਿਧੂ ਮੋਹਨ ਐਸੋਸੀਏਟ ਪ੍ਰੋਫੈਸਰ ਮਨੋਵਿਗਿਆਨ ਵਿਭਾਗ ਨੇ ਸੰਚਾਰ, ਭਾਵਨਾਤਮਕ ਬੁੱਧੀ ਅਤੇ ਮਨੋਵਿਗਿਆਨਕ ਪੂੰਜੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਛੋਹਿਆ। ਇਸ ਮੌਕੇ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੜ੍ਹਾਂ ਦੌਰਾਨ ਹੋਸਟਲਾਂ ਨੂੰ ਖਾਲੀ ਕਰਨ ਵਿੱਚ ਸਹਾਇਤਾ ਅਤੇ ਸਹਿਯੋਗ ਕਰਨ ਲਈ ਵਾਰਡਨਾਂ, ਵਿਦਿਆਰਥੀਆਂ ਅਤੇ ਸਟਾਫ਼ ਦਾ ਸਨਮਾਨ ਵੀ ਕੀਤਾ ਗਿਆ।