‘ਉਡਾਣ’ ਨੇ ਭਰੀ ਇੱਕ ਹੋਰ ਉਡਾਣ
ਹਰੀ ਕ੍ਰਿਸ਼ਨ ਮਾਇਰ
ਬੋਸਟਨ: ‘ਉਡਾਣ’ ਇੱਕ ਪੰਜਾਬੀ ਸਾਇੰਸ ਫਿਕਸ਼ਨ ਤਿਮਾਹੀ ਮੈਗਜ਼ੀਨ ਹੈ, ਜਿਸ ਨੇ ਇਸ ਮਹੀਨੇ ਆਪਣੇ ਤੀਜੇ ਸਾਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਇਸ ਮੈਗਜ਼ੀਨ ਵਿੱਚ ਤੁਸੀਂ ਵਿਗਿਆਨ ਦੇ ਨਾਲ ਸਬੰਧਿਤ ਕਹਾਣੀਆਂ, ਲੇਖ, ਕਵਿਤਾਵਾਂ ਤੇ ਹੋਰ ਰੌਚਕ ਸਮਗਰੀ ਪੜ੍ਹ ਸਕਦੇ ਹੋ। ਇਸ ਦੇ ਬੱਚਿਆਂ ਦੇ ਕੋਨੇ ਵਿੱਚ ਬੱਚਿਆਂ ਲਈ ਵੀ ਵਿਗਿਆਨ ਨਾਲ ਸਬੰਧਿਤ ਖ਼ਾਸ ਰਚਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਦੇ ਮਨ ਅੰਦਰ ਵਿਗਿਆਨ ਦੇ ਵਿਲੱਖਣ ਸੰਸਾਰ ਨੂੰ ਪੜ੍ਹਨ ਤੇ ਖੋਜਣ ਦੀ ਉਤਸੁਕਤਾ ਪੈਦਾ ਹੋ ਸਕੇ।
ਪੰਜਾਬੀ ਪਾਠਕਾਂ ਦੇ ਸਨਮੁੱਖ ਵਿਗਿਆਨ ਗਲਪ ਕਥਾ-ਕਹਾਣੀਆਂ ਤੇ ਵਿਗਿਆਨ ਨਾਲ ਸਬੰਧਿਤ ਕਵਿਤਾਵਾਂ, ਲੇਖ ਤੇ ਹੋਰ ਰਚਨਾਵਾਂ ਨੂੰ ਪੇਸ਼ ਕਰਨਾ, ਲੇਖਕਾਂ ਦਾ ਉਤਸ਼ਾਹ ਵਧਾਉਣਾ ਤੇ ਪੰਜਾਬੀ ਵਿੱਚ ਵਿਗਿਆਨ ਗਲਪ ਨਾਲ ਸਬੰਧਿਤ ਸਾਹਿਤ ਨੂੰ ਪ੍ਰਫੁੱਲਿਤ ਕਰਨਾ ਆਦਿ ਉਦੇਸ਼ਾਂ ਦੇ ਨਾਲ ਇਹ ਮੈਗਜ਼ੀਨ 2022 ਵਿੱਚ ਸ਼ੁਰੂ ਹੋਇਆ ਸੀ ਜੋ ਹੁਣ ਆਪਣੇ ਤੀਜੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਪਹਿਲੀ ਅਕਤੂਬਰ ਨੂੰ ਇਸ ਦਾ ਨੌਵਾਂ ਅੰਕ ਰਿਲੀਜ਼ ਕੀਤਾ ਗਿਆ।
ਇਸ ਦੇ ਸੰਪਾਦਕ ਅਮਨਦੀਪ ਸਿੰਘ ਦਾ ਕਹਿਣਾ ਹੈ ਕਿ, ‘ਹਰ ਕਿਸੇ ਲਈ ਚੰਗੀ ਵਿਦਿਆ ਖ਼ਾਸ ਤੌਰ ’ਤੇ ਵਿਗਿਆਨ ਸਬੰਧੀ ਦਿਲਚਸਪ ਸਮੱਗਰੀ ਪੜ੍ਹਨਾ ਬਹੁਤ ਜ਼ਰੂਰੀ ਹੈ ਕਿਉਂਕਿ ਵਿਗਿਆਨ ਪੜ੍ਹ ਕੇ ਅਸੀਂ ਆਪਣੇ ਆਲੇ-ਦੁਆਲੇ ਦੇ ਸੰਸਾਰ ਨੂੰ ਸਮਝ ਸਕਦੇ ਹਾਂ, ਵਿਗਿਆਨਕ ਸੰਕਲਪ ਤੇ ਸਬੂਤਾਂ ਦਾ ਮੁੱਲਾਂਕਣ ਕਰ ਸਕਦੇ ਹਾਂ ਤੇ ਉਨ੍ਹਾਂ ਦਾ ਕਾਰਨ ਵੀ ਜਾਣ ਸਕਦੇ ਹਾਂ, ਸਵਾਲ-ਜਵਾਬ ਕਰ ਸਕਦੇ ਹਾਂ, ਉਸਾਰੂ ਬਹਿਸ ਵਿੱਚ ਭਾਗ ਲੈ ਸਕਦੇ ਹਾਂ, ਆਲੋਚਨਾਤਮਕ ਤੇ ਤਰਕ ਭਰਿਆ ਰੁਖ਼ ਅਪਣਾਉਣਾ ਸਿੱਖ ਸਕਦੇ ਹਾਂ। ਸਭ ਤੋਂ ਵੱਧ ਅਸੀਂ ਗਿਆਨ ਪ੍ਰਾਪਤ ਕਰਕੇ ਕਿਸੇ ਵੀ ਸਮੱਸਿਆ ਦੇ ਨਵੇਂ ਮੌਲਿਕ ਹੱਲ ਲੱਭ ਸਕਦੇ ਹਾਂ।’’