ਜਲੰਧਰ ’ਚ ਕਰੋਨਾ ਦੇ 137 ਨਵੇਂ ਮਾਮਲੇ; ਪੰਚਕੂਲਾ ਵਿੱਚ 75 ਨਵੇਂ ਮਰੀਜ਼
ਪਾਲ ਸਿੰਘ ਨੌਲੀ
ਜਲੰਧਰ,18 ਅਗਸਤ
ਜ਼ਿਲ੍ਹੇ ਵਿੱਚ ਕਰੋਨਾ ਤੋਂ ਪੀੜਤ ਦੋ ਜਣਿਆਂ ਦੀ ਮੌਤ ਹੋ ਗਈ ਤੇ 137 ਨਵੇਂ ਪਾਜ਼ੇਟਿਵ ਕੇਸ ਆਏ ਹਨ। ਇਸ ਨਾਲ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 4390 ਹੋ ਗਿਆ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 113 ਮੌਤਾਂ ਹੋ ਚੁੱਕੀਆਂ ਹਨ। ਪਾਜ਼ੇਟਿਵ ਆਉਣ ਵਾਲਿਆਂ ਵਿੱਚ ਇੱਕ ਨਿੱਜੀ ਬੈਂਕ ਦਾ ਮੈਨਜਰ, ਇੱਕ ਡਾਕਟਰ ਤੇ ਸਾਬਕਾ ਡੀਆਈਜੀ ਤੇ ਉਸ ਦਾ ਪਰਿਵਾਰ ਵੀ ਸ਼ਾਮਲ ਹੈ। ਜ਼ਿਲ੍ਹੇ ਵਿੱਚ ਮੌਤਾਂ ਦਾ ਅੰਕੜਾ 110 ਤੱਕ ਜਾ ਪੁੱਜਾ ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਵਿੱਚ ਕਰੋਨਾ ਪਾਜ਼ੇਟਿਵ ਦੇ ਕੇਸ ਦਿਨੋ ਦਿਨ ਵੱਧਦੇ ਹੀ ਜਾ ਰਹੇ ਹਨ। ਪਿਛਲੇ 24 ਘੰਟੇ ਦੌਰਾਨ 75 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 43 ਪੰਚਕੂਲਾ ਜ਼ਿਲ੍ਹੇ ਦੇ ਹਨ ਅਤੇ ਬਾਕੀ ਬਾਹਰਲੇ ਰਾਜਾਂ ਜਾਂ ਜ਼ਿਲ੍ਹਿਆਂ ਦੇ ਹਨ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਇਹ ਕਰੋਨਾ ਪਾਜ਼ੇਟਿਵ ਕੇਸ ਪੰਚਕੂਲਾ ਦੇ ਸੈਕਟਰ-8, 21, 25, 15, 2, ਐੱਮਡੀਸੀ-4,5, ਪਿੰਡ ਕੁੰਡੀ, ਸੈਕਟਰ-20, ਸੈਕਟਰ-4,9, 27, 10, 19, 17, ਤੋਂ ਇਲਾਵਾ ਆਈਟੀਬੀਪੀ ਦੇ ਤਿੰਨ ਜਵਾਨ ਹਨ।