ਜ਼ਿਲ੍ਹਾ ਸੰਗਰੂਰ ’ਚ ਦੋ ਹੋਰ ਕਰੋਨਾ ਮਰੀਜ਼ਾਂ ਦੀ ਮੌਤ; ਜਲੰਧਰ ਵਿੱਚ ਇਕ ਮੌਤ ਤੇ 175 ਨਵੇਂ ਮਰੀਜ਼
ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਅਗਸਤ
ਜ਼ਿਲ੍ਹਾ ਸੰਗਰੂਰ ’ਚ ਅੱਜ ਦੋ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚ ਇੱਕ ਬਲਾਕ ਸੁਨਾਮ ਅਤੇ ਦੂਜਾ ਬਲਾਕ ਸ਼ੇਰਪੁਰ ਦਾ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਚੁੱਕੀ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਦੇ ਬੁਲਾਰੇ ਅਨੁਸਾਰ ਡਾ. ਸੱਤਪਾਲ ਸਿੰਗਲਾ ਉਮਰ 65 ਸਾਲ ਵਾਸੀ ਸੁਨਾਮ ਦਾ ਰਹਿਣ ਵਾਲਾ ਸੀ, ਜੋ ਫੋਰਟਿਸ ਹਸਪਤਾਲ ਮੁਹਾਲੀ ਵਿਖੇ ਦਾਖਲ ਸੀ। ਬੀਤੀ ਰਾਤ ਇਸ ਮਰੀਜ਼ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਬਲਦੇਵ ਰਾਜ ਉਮਰ 52 ਸਾਲ ਬਲਾਕ ਸ਼ੇਰਪੁਰ ਦਾ ਰਹਿਣ ਵਾਲਾ ਸੀ, ਡੀਐੱਮਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸੀ। ਕਰੋਨਾ ਨਾਲ ਬਲਾਕ ਸੁਨਾਮ ਵਿਚ 7 ਅਤੇ ਬਲਾਕ ਸ਼ੇਰਪੁਰ ਵਿਚ 5 ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 65 ਹੋ ਗਈ ਹੈ।
ਜਲੰਧਰ(ਪਾਲ ਸਿੰਘ ਨੌਲੀ): ਜ਼ਿਲ੍ਹੇ ’ਚ ਅੱਜ ਆਈਆਂ ਰਿਪੋਰਟਾਂ ਅਨੁਸਾਰ ਕਰੋਨਾ ਦੇ175 ਨਵੇਂ ਕੇਸ ਪਾਜ਼ੇਟਿਵ ਆਏ ਹਨ, ਜਦ ਕਿ 68 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ। ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 5000 ਤੋਂ ਟੱਪ ਗਈ ਹੈ ਤੇ ਮੌਤਾਂ ਦੀ ਗਿਣਤੀ 120 ਹੋ ਗਈ ਹੈ।
ਸਿਰਸਾ(ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਕਰੋਨਾ ਨਾਲ ਦਸਵੇਂ ਵਿਅਕਤੀ ਦੀ ਮੌਤ ਹੋ ਗਈ ਹੈ। ਸੱਜਰੇ 22 ਕਰੋਨਾ ਪਾਜ਼ੇਟਿਵ ਕੇਸ ਮਿਲੇ ਹਨ, ਜਿਸ ਨਾਲ ਸਿਰਸਾ ਵਿੱਚ ਕਰੋਨਾ ਪਾਜ਼ੇਟਿਵ ਦਾ ਅੰਕੜਾ 900 ’ਤੇ ਪੁੱਜ ਗਿਆ ਹੈ। ਸਿਵਲ ਸਰਜਨ ਡਾ. ਸੁਰਿੰਦਰ ਨੈਨ ਨੇ ਦੱਸਿਆ ਹੈ ਕਿ ਪਰਸ਼ੂਰਾਮ ਚੌਕ ਵਾਸੀ ਰਾਜ ਕੁਮਾਰ ਦੀ ਅਗਰੋਹਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।