ਸੰਗਰੂਰ ’ਚ ਇੱਕ ਹੋਰ ਕਰੋਨਾ ਮਰੀਜ਼ ਦੀ ਮੌਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਅਗਸਤ
ਜ਼ਿਲ੍ਹਾ ਸੰਗਰੂਰ ਵਿੱਚ ਅੱਜ ਇੱਕ ਹੋਰ ਕਰੋਨਾ ਪੀੜਤ ਮਰੀਜ਼ ਦੀ ਮੌਤ ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 69 ਹੋ ਗਈ ਹੈ। ਅੱਜ ਜ਼ਿਲ੍ਹੇ ’ਚ 46 ਹੋਰ ਕਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ ਜਦੋਂਕਿ 45 ਮਰੀਜ਼ਾਂ ਨੇ ਕਰੋਨਾ ਨੂੰ ਮਾਤ ਦਿੰਦਿਆਂ ਘਰ ਵਾਪਸੀ ਕੀਤੀ ਹੈ। ਹੁਣ ਤੱਕ ਜ਼ਿਲ੍ਹੇ ’ਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1879 ਹੋ ਚੁੱਕੀ ਹੈ ਜਿਨ੍ਹਾਂ ’ਚੋਂ 1380 ਮਰੀਜ਼ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਪਰਤ ਚੁੱਕੇ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ 430 ਹੈ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਬੁਲਾਰੇ ਅਨੁਸਾਰ ਜਗਦੀਸ਼ ਪ੍ਰਸ਼ਾਦ ਉਮਰ 74 ਸਾਲ ਸੁਨਾਮ ਦਾ ਰਹਿਣ ਵਾਲਾ ਸੀ ਜੋ ਬੀਤੀ 18 ਅਗਸਤ ਤੋਂ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਸੀ ਜਿਸਦੀ ਕਰੋਨਾ ਰਿਪੋਰਟ ਪਾਜ਼ੇਟਿਵ ਸੀ। ਇਸ ਮਰੀਜ਼ ਦੀ ਅੱਜ ਸਵੇਰੇ ਮੌਤ ਹੋ ਗਈ। ਹੁਣ ਤੱਕ ਬਲਾਕ ਸੁਨਾਮ ’ਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 8 ਜਦੋਂਕਿ ਜ਼ਿਲ੍ਹੇ ਵਿੱਚ ਕੁੱਲ ਮੌਤਾਂ ਦੀ ਗਿਣਤੀ 69 ਹੋ ਚੁੱਕੀ ਹੈ।
ਅੱਜ ਜ਼ਿਲ੍ਹੇ ’ਚ 46 ਹੋਰ ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਿਨ੍ਹਾਂ ’ਚ ਬਲਾਕ ਸੰਗਰੂਰ ਦੇ 10 ਮਰੀਜ਼, ਬਲਾਕ ਅਹਿਮਦਗੜ੍ਹ ਦਾ ਇੱਕ ਮਰੀਜ਼, ਬਲਾਕ ਸੁਨਾਮ ਦੇ 9 ਮਰੀਜ਼, ਬਲਾਕ ਅਮਰਗੜ੍ਹ ਦਾ ਇੱਕ ਮਰੀਜ਼, ਬਲਾਕ ਭਵਾਨੀਗੜ੍ਹ ਦੇ 5 ਮਰੀਜ਼, ਬਲਾਕ ਧੂਰੀ ਦੇ 3 ਮਰੀਜ਼, ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ 6 ਮਰੀਜ਼, ਬਲਾਕ ਕੌਹਰੀਆਂ ਦੇ 2 ਮਰੀਜ਼, ਬਲਾਕ ਲੌਂਗੋਵਾਲ ਦਾ ਇੱਕ ਮਰੀਜ਼, ਬਲਾਕ ਮਲੇਰਕੋਟਲਾ ਦੇ 2 ਮਰੀਜ਼, ਬਲਾਕ ਮੂਨਕ ਦੇ 3 ਮਰੀਜ਼ ਅਤੇ ਬਲਾਕ ਸ਼ੇਰਪੁਰ ਦੇ 3 ਮਰੀਜ਼ ਸ਼ਾਮਲ ਹਨ।
ਉਧਰ, ਅੱਜ ਜ਼ਿਲ੍ਹੇ ਦੇ 45 ਮਰੀਜ਼ਾਂ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਕੇ ਘਰ ਵਾਪਸੀ ਕੀਤੀ ਹੈ। ਇਨ੍ਹਾਂ ਤੰਦਰੁਸਤ ਹੋਣ ਵਾਲਿਆਂ ’ਚ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 15, ਸਿਵਲ ਹਸਪਤਾਲ ਮਲੇਰਕੋਟਲਾ ਤੋਂ 2 ਮਰੀਜ਼, ਕੋਵਿਡ ਕੇਅਰ ਸੈਂਟਰ ਭੋਗੀਵਾਲ ਤੋਂ 5 ਮਰੀਜ਼, ਸਿਵਲ ਹਸਪਤਾਲ ਸੰਗਰੂਰ ਤੋਂ 3 ਮਰੀਜ਼, ਜੀਐਮਸੀ ਪਟਿਆਲਾ ਤੋਂ 2 ਮਰੀਜ਼ ਤੇ 18 ਮਰੀਜ਼ ਹੋਮ ਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਤੰਦਰੁਸਤ ਹੋਏ ਹਨ। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਹਾਂਲਾਕਿ ਇਹ ਕੋਵਿਡ-19 ਵਿਰੁੱਧ ਜੰਗ ’ਚ ਵੱਡੀ ਕਾਮਯਾਬੀ ਹੈ ਪਰ ਇਸਤੋਂ ਜੰਗ ਜਿੱਤਣ ਲਈ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।
ਸਿਹਤ ਵਿਭਾਗ ਵੱਲੋਂ ਪਿੰਡਾਂ ’ਚ ਕਰੋਨਾ ਟੈਸਟ ਲਈ ਸੈਂਪਲ ਮੁਹਿੰਮ
ਘਨੌਰ (ਪੱਤਰ ਪ੍ਰੇਰਕ) ਸਿਹਤ ਵਿਭਾਗ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਬਚਾਓ ਲਈ ਮੁੱਢਲਾ ਸਿਹਤ ਕੇਂਦਰ ਘਨੌਰ ਵੱਲੋਂ ਅਰੰਭੀ ਗਈ ਮੁਹਿੰਮ ਤਹਿਤ ਪਿੰਡ ਲਾਛੜੂ ਕਲਾਂ ਵਿੱਚ ਡਾ. ਬਲਜਿੰਦਰ ਕੌਰ ਕਾਹਲੋਂ ਦੀ ਅਗਵਾਈ ਵਿੱਚ ਲਗਾਏ ਗਏ ਕੈਂਪ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਡਾ. ਬਲਜਿੰਦਰ ਕੌਰ ਕਾਹਲੋਂ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਦੇ ਕਰੋਨਾ ਟੈਸਟ ਸਬੰਧੀ ਸੈਂਪਲ ਲਏ ਗਏ। ਇਸ ਮੌਕੇ ਐੱਸਐੱਮਓ ਘਨੌਰ ਡਾ. ਸਤਿੰਦਰ ਕੌਰ ਸੰਧੂ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਘਨੌਰ ਵੱਲੋਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਸਬਾ ਘਨੌਰ ਤੇ ਨੇੜਲੇ ਕਰੀਬ ਪੰਜ ਦਰਜਨ ਪਿੰਡਾਂ ਵਿੱਚ ਵਸਦੇ ਹਰ ਵਿਅਕਤੀ ਦੇ ਕਰੋਨਾ ਟੈਸਟ ਲਏ ਜਾ ਰਹੇ ਹਨ। ਜਿਸ ਲਈ ਮੁੱਢਲਾ ਸਿਹਤ ਕੇਂਦਰ ਘਨੌਰ ਦੇ ਦੋ ਡਾਕਟਰਾਂ ਡਾ. ਬਲਜਿੰਦਰ ਕੌਰ ਕਾਹਲੋਂ ਤੇ ਡਾ. ਦਵਿੰਦਰ ਕੌਰ ਦੀ ਅਗਵਾਈ ’ਚ ਦੋ ਟੀਮਾਂ ਵੱਲੋਂ ਛੁੱਟੀ ਵਾਲੇ ਦਿਨ ਪਿੰਡਾਂ ਵਿੱਚ ਕੈਂਪ ਲਾ ਕੇ ਇਹ ਸੈਂਪਲ ਲਏ ਜਾ ਰਹੇ ਹਨ ਤੇ ਲੋਕਾਂ ਨੁੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਾਕ ਡਿਊਟੀ ਮਜਿਸਟ੍ਰੇਟ ਕਮ ਐੱਸਡੀਓ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਤਨਾਮ ਸਿੰਘ ਮੱਟੂ ਵੱਲੋਂ ਸਬੰਧਤ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ।
ਪਟਿਆਲਾ ’ਚ ਛੇ ਔਰਤਾਂ ਸਣੇ ਨੌਂ ਦੀ ਮੌਤ
ਪਟਿਆਲਾ (ਸਰਬਜੀਤ ਸਿੰਘ ਭੰਗੂ) ਪਟਿਆਲਾ ਵਿਚ ਅੱਜ ਕਰੋਨਾ ਕਾਰਨ ਨੌਂ ਹੋਰ ਵਿਅਕਤੀਆਂ ਦੀ ਜਾਨ ਚਲੀ ਗਈ। ਜਿਸ ਨਾਲ ਜ਼ਿਲੇ੍ਹ ਵਿਚ ਕਰੋਨਾ ਨਾਲ ਮੌਤਾਂ ਦੀ ਗਿਣਤੀ 122 ਹੋਈ ਹੋ ਗਈ ਹੈ। ਇਹ ਸਾਰੇ ਨੌਂ ਮ੍ਰਿਤਕ ਪਟਿਆਲਾ ਸ਼ਹਿਰ ਨਾਲ਼ ਸਬੰਧਿਤ ਹਨ। ਜਿਨ੍ਹਾਂ ਵਿਚੋਂ ਛੇ ਔਰਤਾਂ ਹਨ। ਇਨ੍ਹਾਂ ਵਿਚ ਤ੍ਰਿਪੜੀ ਦੀ 70 ਸਾਲਾ, ਭਾਖੜਾ ਐਨਕਲੇਵ ਦੀ 68 ਸਾਲਾ, ਬਾਜਵਾ ਕਲੋਨੀ ਦੀ 49 ਸਾਲਾ, ਰੋਇਲ ਐਨਕਲੇਵ ਦੀ 88 ਸਾਲਾ, ਸੇਵਕ ਕਲੋਨੀ ਦੀ 70 ਸਾਲਾ, ਅਨੰਦ ਨਗਰ ਦੀ 68 ਸਾਲਾ ਅਤੇ ਤ੍ਰਿਪੜੀ ਦੀ 80 ਸਾਲਾ ਮਹਿਲਾ ਸ਼ਾਮਲ ਹੈ। ਇਸੇ ਤਰਾਂ ਦੋ ਹੋਰ ਮ੍ਰਿਤਕਾਂ ਵਿਚੋਂ, ਡੀ.ਐਲ.ਐਫ ਕਲੋਨੀ ਦਾ 68 ਸਾਲਾ ਬਜ਼ੁਰਗ ਅਤੇ ਲਾਹੌਰੀ ਗੇਟ ਦਾ 30 ਸਾਲਾ ਮਰੀਜ਼ ਸ਼ਾਮਲ ਹੈ। ਉਧਰ ਅੱਜ ਦੋ ਪੁਲੀਸ ਅਤੇ ਦੋ ਸਿਹਤ ਕਰਮੀਆਂ ਸਮੇਤ 188 ਵਿਅਕਤੀ ਪਾਜੇਟਿਵ ਆਏ ਹਨ। ਸੱਜਰੇ ਪਾਜੇਟਿਵ ਆਏ ਕੇਸਾਂ ਵਿਚੋਂ 91 ਪਟਿਆਲਾ ਸ਼ਹਿਰ, 19 ਰਾਜਪੁਰਾ, 18 ਨਾਭਾ, 11 ਸਮਾਣਾ, ਇੱਕ ਪਾਤੜਾਂ ਤੇ ਇੱਕ ਸਨੌਰ ਤੋਂ ਅਤੇ 48 ਕੇਸ ਪਿੰਡਾਂ ਤੋਂ ਮਿਲੇ ਹਨ।
ਕਰੋਨਾ ਦੇ ਸੈਂਪਲਾਂ ਲਈ 23 ਸਰਕਾਰੀ ਤੇ 7 ਪ੍ਰਾਈਵੇਟ ਸੈਂਟਰ ਸਥਾਪਿਤ
ਪਟਿਆਲਾ (ਸਰਬਜੀਤ ਸਿੰਘ ਭੰਗੂ) ਕੋਵਿਡ ਦੇ ਸ਼ੱਕੀ ਮਰੀਜ਼ਾਂ ਲਈ ਸੈਂਪਲ ਲੈਣ ਲਈ 30 ਸੈਂਟਰ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ’ਚ 23 ਸਰਕਾਰੀ ਤੇ 7 ਪ੍ਰਾਈਵੇਟ ਹਨ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 14 ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ, ਜੋ ਸਾਰੇ ਪ੍ਰਬੰਧਾਂ ਦੀ ਦੇਖ-ਰੇਖ ਕਰਨ ਸਮੇਤ ਉਚ ਅਧਿਕਾਰੀਆਂ ਨੂੰ ਫੀਡਬੈਕ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਪਟਿਆਲਾ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਵਿਚ ਸੈਂਪਲਿੰਗ ਸੈਂਟਰ ਸਰਕਾਰੀ ਰਾਜਿੰਦਰਾ ਹਸਪਤਾਲ ਸਣੇ ਮਾਤਾ ਕੌਸ਼ਲਿਆ ਹਸਪਤਾਲ, ਸੀਐੱਚਸੀ ਤ੍ਰਿਪੜੀ, ਸੀਐੱਚਸੀ ਮਾਡਲ ਟਾਊਨ, ਮਿਲਟਰੀ ਹਸਪਤਾਲ, ਡੀਐੱਮਡਬਲਯੂ. ਰੇਲਵੇ ਹਸਪਤਾਲ, ਕਮਾਂਡੋ ਹਸਪਤਾਲ, ਪੁਲੀਸ ਹਸਪਤਾਲ, ਪੁਲੀਸ ਲਾਈਨਜ਼, ਕੇਂਦਰੀ ਜੇਲ੍ਹ, ਨਾਭਾ ਰੋਡ ਪਟਿਆਲਾ ਵਿੱਚ ਹਨ। ਜਦੋਂਕਿ ਜਿਹੜੇ ਪ੍ਰਾਈਵੇਟ ਹਸਪਤਾਲ ਤੇ ਲੈਬਾਰਟਰੀਆਂ ’ਚ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ, ਉਨ੍ਹਾਂ ’ਚ ਕੋਲੰਬੀਆ ਏਸ਼ੀਆ ਹਸਪਤਾਲ, ਵਰਧਮਾਨ ਮਹਾਵੀਰ ਹਸਪਤਾਲ, ਅਮਰ ਹਸਪਤਾਲ, ਪ੍ਰਾਇਮ ਹਸਪਤਾਲ, ਲਾਲ ਪਾਥ ਲੈਬ ਸ਼ਾਮਲ ਹਨ। ਪਟਿਆਲਾ ਜ਼ਿਲ੍ਹੇ ’ਚ ਮਾਤਾ ਕੌਸ਼ਲਿਆ ਹਸਪਤਾਲ, ਸਿਵਲ ਹਸਪਤਾਲ ਨਾਭਾ, ਸਮਾਣਾ ਤੇ ਰਾਜਪੁਰਾ ਸਮੇਤ ਸੀਐੱਚਸੀ ਮਾਡਲ ਟਾਊਨ ਤੇ ਤ੍ਰਿਪੜੀ ਵਿੱਚ ਐਟੀਜਨ ਟੈਸਟ ਵੀ ਕੀਤੇ ਜਾਂਦੇ ਹਨ। ਮਾਤਾ ਕੌਸ਼ਲਿਆ ਹਸਪਤਾਲ ਅਤੇ ਸਰਕਾਰੀ ਮੈਡੀਕਲ ਕਾਲਜ ਵਿਖੇ ਟਰੂਨਾਟ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਡਾ. ਜਤਿੰਦਰ ਕਾਂਸਲ, ਡਾ. ਪਰਵੀਨ ਪੁਰੀ, ਡਾ. ਸੁਮੀਤ ਸਿੰਘ, ਡਾ. ਨਿਧੀ ਸ਼ਰਮਾ, ਡਾ. ਐੱਮ.ਐੱਸ ਧਾਲੀਵਾਲ, ਡਾ. ਸ਼ੈਲੀ ਜੇਤਲੀ, ਡਾ. ਪੂਨਮ ਸਿੰਘਲ, ਦਿਵਜੋਤ ਸਿੰਘ, ਡਾ. ਸੁਖਮਿੰਦਰ ਸਿੰਘ ਤੇ ਸਵਾਤੀ ਸਣੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਡਾ. ਨਵਦੀਪ ਭਾਟੀਆ, ਡਾ. ਵਿਸ਼ਾਲ ਚੋਪੜਾ ਤੇ ਡਾ. ਸਚਿਨ ਕੌਸ਼ਲ ਨੋਡਲ ਅਫ਼ਸਰਾਂ ਵਜੋਂ ਕੋਵਿਡ ਸਬੰਧੀ ਵੱਖ ਵੱਖ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ ‘ਤੇ ਵੀ ਟੈਸਟਿੰਗ ਦੀ ਸੁਵਿਧਾ ਉਪਲਬਧ ਕੀਤੀ ਗਈ ਹੈ। ਜਿਸ ਤਹਿਤ ਨਾਭਾ ਵਿੱਚ ਸਿਵਲ ਹਸਪਤਾਲ, ਨਾਭਾ ਤੇ ਭਾਦਸੋਂ ਵਿੱਚ ਸੀਐੱਚਸੀ ਵੀ ਟੈਸਟ ਸੈਂਟਰ ਸਥਾਪਤ ਕੀਤੇ ਗਏ ਹਨ। ਸਿਵਲ ਹਸਪਤਾਲ ਰਾਜਪੁਰਾ, ਸੀਐੱਚਸੀ, ਕੌਲੀ, ਘਨੌਰ, ਹਰਪਾਲਪੁਰ ਤੇ ਦੁਧਨਸਾਧਾਂ ’ਚ ਟੈਸਟਿੰਗ ਦੀ ਸੁਵਿਧਾ ਉਪਲਬਧ ਹੈ। ਸਿਵਲ ਹਸਪਤਾਲ ਸਮਾਣਾ, ਸੀਐੱਚਸੀ. ਪਾਤੜਾਂ, ਸ਼ੁਤਰਾਣਾ ਤੇ ਬਾਦਸ਼ਾਹਪੁਰ ’ਚ ਵੀ ਕੋਵਿਡ ਦਾ ਟੈਸਟ ਕੀਤਾ ਜਾਂਦਾ ਹੈ। ਪ੍ਰਾਈਵੇਟ ਹਸਪਤਾਲਾਂ ’ਚੋਂ ਨੀਲਮ ਹਸਪਤਾਲ ਰਾਜਪੁਰਾ ਤੇ ਗੁਰੂ ਨਾਨਕ ਲੈਬ ਰਾਜਪੁਰਾ ’ਚ ਵੀ ਸੈਂਪਲ ਲਏ ਜਾਂਦੇ ਹਨ। ਕੰਟੈਨਮੈਂਟ ਜ਼ੋਨ ’ਚ ਵੀ ਸੈਂਪਲ ਇਕੱਤਰ ਕੀਤੇ ਜਾਂਦੇ ਹਨ।