For the best experience, open
https://m.punjabitribuneonline.com
on your mobile browser.
Advertisement

ਇੱਕ ਹੋਰ ਸਵੱਛਤਾ ਅਭਿਆਨ

10:21 AM Mar 16, 2024 IST
ਇੱਕ ਹੋਰ ਸਵੱਛਤਾ ਅਭਿਆਨ
Advertisement

ਜਤਿੰਦਰ ਮੋਹਨ

Advertisement

ਸਤੰਬਰ ਮਹੀਨਾ ਚੜ੍ਹਨ ਵਿੱਚ ਕੁਝ ਦਿਨ ਬਚੇ ਸਨ। ਸਕੂਲ ਵਿੱਚ ਸਵੇਰ ਦੀ ਸਭਾ ਸ਼ੁਰੂ ਹੋ ਰਹੀ ਸੀ। ਰੋਜ਼ਾਨਾ ਦੀ ਤਰ੍ਹਾਂ ਸਾਰੀਆਂ ਗਤੀਵਿਧੀਆਂ ਹੋਈਆਂ ਜਿਵੇਂ ਪ੍ਰਭੂ ਭਗਤੀ, ਰਾਸ਼ਟਰੀ ਗਾਨ, ਦੇਸ਼ ਭਗਤੀ ਦੇ ਨਾਅਰੇ ਤੇ ਅੱਜ ਦੀਆਂ ਮਹੱਤਵਪੂਰਨ ਖ਼ਬਰਾਂ। ਸਾਰੇ ਬੱਚੇ ਸ਼ਾਂਤ ਬੈਠੇ ਅੱਜ ਦੀਆਂ ਖ਼ਬਰਾਂ ਸੁਣ ਰਹੇ ਸਨ। ਇਨ੍ਹਾਂ ਮਹੱਤਵਪੂਰਨ ਖ਼ਬਰਾਂ ਵਿੱਚ ਸਤੰਬਰ ਮਹੀਨੇ ਵਿੱਚ ਮਨਾਏ ਜਾਣ ਵਾਲੇ ਸਵੱਛਤਾ ਪੰਦਰਵਾੜੇ ਦੀ ਖ਼ਬਰ ਵੀ ਪੜ੍ਹੀ ਗਈ। ਸਭਾ ਦੇ ਅੰਤ ਵਿੱਚ ਮੁੱਖ ਅਧਿਆਪਕ ਨੇ ਦੱਸਿਆ, ‘‘ਬੱਚਿਓ ਜਿਸ ਤਰ੍ਹਾਂ ਤੁਸੀਂ ਸੁਣਿਆ ਹੈ, ਉਸ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਸਵੱਛਤਾ ਪੰਦਰਵਾੜਾ ਮਨਾਇਆ ਜਾਵੇਗਾ। ਇਹ ਪੰਦਰਵਾੜਾ ਆਪਾਂ ਨੇ ਪ੍ਰੈਕਟੀਕਲ ਰੂਪ ਵਿੱਚ ਮਨਾਉਣਾ ਹੈ ਨਾ ਕਿ ਕਾਗਜ਼ੀ ਰੂਪ ਵਿੱਚ। ਆਪਾਂ ਆਪਣੇ ਸਕੂਲ ਦੀ ਸਫ਼ਾਈ ਕਰਾਂਗੇ। ਤੁਸੀਂ ਤੇ ਅਸੀਂ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫ਼ਾਈ ਵੀ ਕਰਾਂਗੇ। ਇਨ੍ਹਾਂ ਹੀ ਦਿਨਾਂ ਦੌਰਾਨ ਸਰਕਾਰੀ ਹੁਕਮਾਂ ਅਨੁਸਾਰ ਆਪਾਂ ਵੱਖਰੇ ਮੁਕਾਬਲੇ ਵੀ ਕਰਵਾਵਾਂਗੇ। ਤੁਸੀਂ ਵਧ ਚੜ੍ਹ ਕੇ ਭਾਗ ਲੈਣਾ। ਸਾਰੇ ਬੱਚੇ ਤਿਆਰ ਹੋ?’’ ਮੁੱਖ ਅਧਿਆਪਕ ਨੇ ਪੁੱਛਿਆ ਤਾਂ ਸਭ ਨੇ ‘ਹਾਂ’ ਵਿੱਚ ਸਹਿਮਤੀ ਦਿੱਤੀ।
ਸਤੰਬਰ ਮਹੀਨਾ ਆ ਗਿਆ। ਸਵੱਛਤਾ ਅਭਿਆਨ ਚੱਲਿਆ। ਬੱਚਿਆਂ, ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੇ ਰਲ ਮਿਲ ਕੇ ਸਫ਼ਾਈ ਕੀਤੀ। ਬੱਚਿਆਂ ਨੇ ਆਪਣੇ ਘਰਾਂ ਦੇ ਆਲੇ-ਦੁਆਲੇ ਵੀ ਸਫ਼ਾਈ ਕੀਤੀ। ਪਿੰਡ ਵਿੱਚ ਚਰਚਾ ਹੁੰਦੀ ਰਹੀ ਕਿ ਬੱਚੇ ਕਿੰਨੇ ਸਿਆਣੇ ਹੋ ਗਏ ਹਨ। ਪੂਰਾ ਪਿੰਡ ਚਮਕਣ ਲੱਗਾ। ਦਿਨ ਨਿਕਲਦੇ ਗਏ। ਵੱਖ-ਵੱਖ ਦਿਨਾਂ ਵਿੱਚ ਵੱਖ-ਵੱਖ ਮੁਕਾਬਲੇ ਹੋਏ। ਅੱਜ ਭਾਸ਼ਣ ਮੁਕਾਬਲੇ ਦਾ ਦਿਨ ਸੀ। ਸਭ ਬੱਚੇ ਆਪਣੇ-ਆਪਣੇ ਭਾਸ਼ਣ ਤਿਆਰ ਕਰਕੇ ਲਿਆਏ ਸਨ। ਨੌਵੀਂ ਜਮਾਤ ਵਿੱਚ ਪੜ੍ਹਦੀ ਸੁਨੈਨਾ ਨੇ ਆਪਣੀ ਸਹੇਲੀ ਨਵਰੀਤ ਤੋਂ ਪੁੱਛਿਆ ਕਿ ਉਹ ਕਿਸ ਵਿਸ਼ੇ ’ਤੇ ਭਾਸ਼ਣ ਦੇਵੇਗੀ ਤਾਂ ਨਵਰੀਤ ਕਹਿਣ ਲੱਗੀ:
‘‘ਸਵੱਛਤਾ ’ਤੇ।’’
‘‘ਇਹ ਤਾਂ ਮੈਨੂੰ ਵੀ ਪਤਾ ਹੈ ਪਰ ਉਪ ਵਿਸ਼ਾ ਕੀ ਹੈ?’’
‘‘ਇਹ ਤਾਂ ਭੈਣੇ ਮੈਂ ਮੌਕੇ ’ਤੇ ਹੀ ਦੱਸੂੰ।’’
‘‘ਕਿਉਂ?’’
‘‘ਫਿਰ ਸੁਣਨ ਦਾ ਮਜ਼ਾ ਨਹੀਂ ਆਉਂਦਾ।’’
‘‘ਜਾਂ ਇਸ ਗੱਲੋਂ ਡਰਦੀ ਹੈਂ ਕਿ ਆਇਡੀਆ ਨਾ ਚੋਰੀ ਹੋ ਜਾਵੇ।’’
‘‘ਇਹ ਵੀ ਸੱਚ ਹੈ।’’
‘‘ਕਿਵੇਂ?’’
‘‘ਮੇਰਾ ਭਰਾ ਮਨਮੋਹਨ ਦਾ ਤੈਨੂੰ ਪਤੈ ਬਈ ਉਹ ਦੂਜੇ ਸਕੂਲ ’ਚ ਪੜ੍ਹਦੈ। ਉਸ ਨੇ ਭਾਸ਼ਣ ਲਿਖਿਆ ਤੇ ਦੂਜੇ ਬੱਚਿਆਂ ਨੂੰ ਕਾਪੀ ਕਰਵਾ ਦਿੱਤਾ।’’
‘‘ਫਿਰ?’’
‘‘ਫਿਰ ਕੀ ਸੀ ਜਦੋਂ ਉਸ ਦੀ ਵਾਰੀ ਆਈ ਤਾਂ ਭਾਸ਼ਣ ਪੁਰਾਣਾ ਹੋ ਗਿਆ। ਅਧਿਆਪਕ ਕਹਿਣ ਲੱਗੇ, ਮਨਮੋਹਨ ਤੂੰ ਤਾਂ ਹੁਸ਼ਿਆਰ ਬੱਚਾ ਹੈਂ ਪਰ ਤੂੰ ਵੀ ਉਹੀ ਭਾਸ਼ਣ ਦੇ ਦਿੱਤਾ।’’
‘‘ਫਿਰ?’’
‘‘ਫਿਰ ਕੀ ਸੀ, ਉਸ ਨੇ ਦੱਸਿਆ ਕਿ ਭਾਸ਼ਣ ਤਾਂ ਮੈਂ ਹੀ ਲਿਖਿਆ ਹੈ ਪਰ ਸਭ ਨੇ ਮੇਰੇ ਬੋਲਣ ਤੋਂ ਪਹਿਲਾਂ ਹੀ ਕਾਪੀ ਕਰ ਲਿਆ।’’
‘‘ਠੀਕ ਹੈ, ਠੀਕ ਹੈ।’’ ਥੋੜ੍ਹਾ ਗੁੱਸੇ ਹੁੰਦੀ ਸੁਨੈਨਾ ਬੋਲੀ।
‘‘ਭੈਣੇ ਗੁੱਸੇ ਵਾਲੀ ਗੱਲ ਨਹੀਂ।’’
ਇਸੇ ਤਰ੍ਹਾਂ ਕਰਦੇ ਕਰਦੇ ਮੁਕਾਬਲੇ ਸ਼ੁਰੂ ਹੋ ਗਏ। ਸਭ ਬੱਚੇ ਤਿਆਰ ਸਨ। ਮੁੱਖ ਅਧਿਆਪਕ ਦੇ ਹੁਕਮਾਂ ’ਤੇ ਤਿੰਨ ਅਧਿਆਪਕਾਂ ਦੇ ਮੇਜ਼ ਤੇ ਕੁਰਸੀਆਂ ਸਟੇਜ ਦੇ ਹੇਠਲੇ ਹਿੱਸੇ ਵਿੱਚ ਲਗਵਾ ਦਿੱਤੇ। ਇਨ੍ਹਾਂ ਅਧਿਆਪਕਾਂ ਨੇ ਜੱਜਮੈਂਟ ਕਰਨੀ ਸੀ ਤੇ ਦੱਸਣਾ ਸੀ ਕਿ ਕਿਸ ਬੱਚੇ ਦਾ ਭਾਸ਼ਣ ਪ੍ਰਭਾਵਸ਼ਾਲੀ ਅਤੇ ਕੁਝ ਨਵਾਂ ਸੁਨੇਹਾ ਦੇਣ ਵਾਲਾ ਹੈ। ਕੁਝ ਸਮੇਂ ਬਾਅਦ ਮੁਕਾਬਲੇ ਸ਼ੁਰੂ ਹੋ ਗਏ। ਸਭ ਬੱਚੇ ਆਪਣੇ-ਆਪਣੇ ਭਾਸ਼ਣ ਦੇਣ ਲੱਗੇ। ਜ਼ਿਆਦਾਤਰ ਬੱਚਿਆਂ ਨੇ ਸਕੂਲ ਵਿੱਚ ਹੋਈਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ਤੇ ਆਪਣੇ ਸਕੂਲ ਦੇ ਬੱਚਿਆਂ, ਅਧਿਆਪਕਾਂ ਤੇ ਸਕੂਲ ਮੁਖੀ ਦੀ ਪ੍ਰਸ਼ੰਸਾ ਕੀਤੀ। ਸਾਰੇ ਬੱਚੇ ਤੇ ਅਧਿਆਪਕ ਪੂਰੇ ਖ਼ੁਸ਼ ਸਨ। ਆਪਣੀ ਪ੍ਰਸੰਸਾ ਕਿਸ ਨੂੰ ਚੰਗੀ ਨਹੀਂ ਲੱਗਦੀ? ਬਹੁਤੇ ਬੱਚੇ ਇੱਕ ਦੂਜੇ ਦਾ ਆਇਡੀਆ ਚੋਰੀ ਕਰਕੇ ਭਾਸ਼ਣ ਦੇ ਰਹੇ ਸਨ ਤਾਂ ਪੰਡਾਲ ਵਿੱਚ ਬੈਠੀ ਨਵਰੀਤ ਨੇ ਸੁਨੈਨਾ ਨੂੰ ਕਿਹਾ, ‘‘ਕਿਉਂ ਦੇਖ ਰਹੀ ਹੈ ਨਾ ਕਾਪੀ?’’
‘‘ਹਾਂ ਯਾਰ।’’
‘‘ਇਹੀ ਤਾਂ ਆਪਣੇ ਵਿੱਚ ਕਮੀ ਹੈ। ਅਸੀਂ ਲੋਕ ਨਕਲ ਕਰਦੇ ਹਾਂ।’’ ਨਵਰੀਤ ਨੇ ਹੌਲੀ ਜਿਹੀ ਕਿਹਾ। ਉਸ ਦੇ ਕਹੇ ਸ਼ਬਦ ਇੰਨੇ ਹੌਲੀ ਸਨ ਕਿ ਕੋਲ ਬੈਠੀ ਰੇਖਾ ਨੂੰ ਵੀ ਨਹੀਂ ਸੁਣੇ। ਹੋ ਸਕਦਾ ਹੈ ਸੁਨੈਨਾ ਨੂੰ ਵੀ ਅੱਧੇ ਹੀ ਸੁਣੇ ਹੋਣ। ਹੁਣ ਵਾਰੀ ਨਵਰੀਤ ਦੀ ਸੀ। ਉਹ ਭਾਸ਼ਣ ਦੇਣ ਲਈ ਮੰਚ ’ਤੇ ਪਹੁੰਚੀ ਅਤੇ ਉਸ ਨੇ ਆਪਣੀ ਰਸਮੀ ਪਛਾਣ ਦੱਸ ਕੇ ਭਾਸ਼ਣ ਸ਼ੁਰੂ ਕੀਤਾ।
‘‘ਆਦਰਯੋਗ ਮੁੱਖ ਅਧਿਆਪਕ ਜੀ ਤੇ ਅਧਿਆਪਕ ਸਹਬਿਾਨ ਨੂੰ ਨਵਰੀਤ ਵੱਲੋਂ ਸਤਿ ਸ੍ਰੀ ਅਕਾਲ ਤੇ ਦਿਲੋਂ ਸਨਮਾਨ ਅਤੇ ਮੇਰੇ ਪਿਆਰੇ ਸਾਥੀਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਸਵੱਛਤਾ ਅਭਿਆਨ ਤਹਿਤ ਭਾਸ਼ਣ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਰਹੇ ਹਾਂ। ਮੈਨੂੰ ਇਹ ਪੰਦਰਵਾੜਾ ਇੱਕ ਤਿਉਹਾਰ ਤੋਂ ਘੱਟ ਨਹੀਂ ਲੱਗ ਰਿਹਾ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫ਼ਾਈ ਤਨੋਂ ਤੇ ਮਨੋਂ ਕੀਤੀ ਹੈ। ਕੀ ਇਹ ਬਹੁਤ ਹੈ? ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਅੱਜ ਤੋਂ ਬਾਅਦ ਅਸੀਂ ਪਹਿਲਾਂ ਦੀ ਤਰ੍ਹਾਂ ਹੀ ਗੰਦ ਪਾਵਾਂਗੇ ਤਾਂ ਇਸ ਪੰਦਰਵਾੜੇ ਨੂੰ ਮਨਾਉਣ ਦਾ ਕੋਈ ਅਰਥ ਰਹਿ ਜਾਵੇਗਾ?’’ ਸਾਰੇ ਅਧਿਆਪਕ ਤੇ ਬੱਚੇ ਉਸ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਉਸ ਵੱਲ ਤੱਕ ਰਹੇ ਸਨ।
‘‘ਸਾਥੀਓ ਮੈਂ ਇੱਥੇ ਰਸਮੀ ਭਾਸ਼ਣ ਦੇਣ ਲਈ ਨਹੀਂ ਖੜ੍ਹੀ। ਮੈਂ ਪੁੱਛਣਾ ਚਾਹੁੰਦੀ ਹਾਂ ਕਿ 02 ਅਕਤੂਬਰ 2014 ਤੋਂ ਸ਼ੁਰੂ ਕੀਤੇ ਇਸ ਅਭਿਆਨ ਕਾਰਨ ਪੂਰੇ ਦੇਸ਼ ਵਿੱਚ ਸਫ਼ਾਈ ਹੋ ਗਈ ਹੈ? ਨਹੀਂ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਬੇਸ਼ੱਕ ਲੋਕ ਖੁੱਲ੍ਹੇ ਵਿੱਚ ਬਹੁਤ ਹੱਦ ਤੱਕ ਪਖਾਨਾ ਨਹੀਂ ਕਰਨ ਜਾਂਦੇ ਪਰ ਫਿਰ ਵੀ ਇਹ ਕੰਮ ਪੂਰਨ ਰੂਪ ਵਿੱਚ ਨਹੀਂ ਰੁਕਿਆ। ਜੇ ਮੇਰੀ ਗੱਲ ਝੂਠੀ ਹੈ ਤਾਂ ਤੁਸੀਂ ਹੱਥ ਖੜ੍ਹੇ ਕਰ ਸਕਦੇ ਹੋ।’’ ਪੰਡਾਲ ਵਿੱਚ ਘੁਸਰ ਮੁਸਰ ਹੋਣ ਲੱਗੀ। ਨਵਰੀਤ ਦੀਆਂ ਗੱਲਾਂ ਸੱਚੀਆਂ ਸਨ। ਸਟਾਫ਼ ਵੀ ਉਸ ਦੇ ਵਿਚਾਰਾਂ ਨਾਲ ਸਹਿਮਤ ਸੀ।
‘‘ਸਾਥੀਓ ਕੀ ਤੁਹਾਨੂੰ ਪਤਾ ਹੈ ਕਿ ਭਾਵੇਂ ਖੁੱਲ੍ਹੇ ਪਖਾਨੇ ਬੰਦ ਹੋ ਗਏ ਹਨ ਪਰ ਜਿਨ੍ਹਾਂ ਰਾਹਾਂ ਜਾਂ ਸੜਕਾਂ ਤੋਂ ਅਸੀਂ ਲੰਘਦੇ ਹਾਂ, ਕੀ ਉਹ ਸਾਫ਼ ਹਨ? ਤੁਸੀਂ ਆਮ ਦੇਖਿਆ ਹੋਵੇਗਾ ਕਿ ਸੜਕਾਂ ’ਤੇ ਅਵਾਰਾ ਪਸ਼ੂ ਤਾਂ ਗੰਦ ਦੇ ਢੇਰ ਲਗਾਉਂਦੇ ਹੀ ਹਨ ਪਰ ਦੁੱਖ ਦੀ ਗੱਲ ਹੈ ਕਿ ਪਾਲਤੂ ਪਸ਼ੂਆਂ ਦੁਆਰਾ ਵੀ ਸ਼ਰੇਆਮ ਗੰਦ ਫੈਲਾਇਆ ਜਾ ਰਿਹਾ ਜੋ ਕਿ ਅਤੀ ਨਿੰਦਣਯੋਗ ਹੈ। ਮੈਂ ਸਿੱਧੇ ਤੌਰ ’ਤੇ ਅਵਾਰਾ ਅਤੇ ਪਾਲਤੂ ਕੁੱਤਿਆਂ ਵੱਲ ਇਸ਼ਾਰਾ ਕਰਕੇ ਕਹਿ ਰਹੀ ਹਾਂ। ਇਹ ਸਮੱਸਿਆ ਆਉਣ ਵਾਲੇ ਦਿਨਾਂ ਵਿੱਚ ਭਿਆਨਕ ਰੂਪ ਲਵੇਗੀ ਕਿਉਂਕਿ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧ ਰਹੀ ਹੈ। ਲੋਕੀਂ ਜਦੋਂ ਆਪਣੇ ਕੁੱਤੇ ਦੇ ਗਲ਼ ’ਚ ਸੰਗਲੀ ਪਾ ਕੇ ਸੜਕਾਂ ’ਤੇ ਲੈ ਕੇ ਜਾਂਦੇ ਹਨ ਤਾਂ ਇਹੀ ਕੁਝ ਹੁੰਦਾ ਹੈ। ਮੈਂ ਇਸ ਭਾਸ਼ਣ ਦੇ ਮਾਧਿਅਮ ਰਾਹੀਂ ਸਮਾਜ ਅਤੇ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਇਸ ਵਰਤਾਰੇ ਨੂੰ ਰੋਕਿਆ ਜਾਵੇ, ਨਹੀਂ ਤਾਂ ਖੁੱਲ੍ਹੇ ਪਖਾਨਿਆਂ ਵਾਂਗ ਇਸ ਗੰਦਗੀ ਖਿਲਾਫ਼ ਵੀ ਇੱਕ ਹੋਰ ਸਵੱਛਤਾ ਅਭਿਆਨ ਚਲਾਉਣਾ ਪਵੇਗਾ। ਧੰਨਵਾਦ।’’
ਸਾਰੇ ਪੰਡਾਲ ਵਿੱਚ ਨਵਰੀਤ ਦੇ ਭਾਸ਼ਣ ਦੀ ਚਰਚਾ ਹੋਣ ਲੱਗੀ। ਉਸ ਦੀਆਂ ਕਹੀਆਂ ਗੱਲਾਂ ਸੱਚੀਆਂ ਸਨ। ਹੋਰ ਵੀ ਭਾਸ਼ਣ ਹੋਏ ਪਰ ਨਵਰੀਤ ਦੇ ਭਾਸ਼ਣ ਨੇ ਸਭ ਪਿੱਛੇ ਧੱਕ ਦਿੱਤੇ। ਅੰਤ ਵਿੱਚ ਜੱਜਮੈਂਟ ਦਾ ਨਤੀਜਾ ਕੱਢਿਆ ਗਿਆ ਨਵਰੀਤ ਅੱਵਲ ਸੀ। ਸਕੂਲ ਮੁਖੀ ਨੇ ਜਿੱਥੇ ਨਵਰੀਤ ਦੇ ਭਾਸ਼ਣ ਅਤੇ ਨਵੇਂ ਵਿਚਾਰਾਂ ਦੀ ਪ੍ਰਸੰਸਾ ਕੀਤੀ, ਉੱਥੇ ਸਭ ਅਧਿਆਪਕਾਂ ਤੇ ਬੱਚਿਆਂ ਨੂੰ ਵੀ ਨਵਰੀਤ ਦੀਆਂ ਕਹੀਆਂ ਗੱਲਾਂ ਵੱਲ ਧਿਆਨ ਦੇਣ ਲਈ ਕਿਹਾ। ਸਕੂਲ ਮੁਖੀ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਦਿਨਾਂ ਵਿੱਚ ਨਵਰੀਤ ਦਾ ਭਾਸ਼ਣ ਰਾਜ ਪੱਧਰੀ ਮੁਕਾਬਲੇ ਲਈ ਜਾਵੇਗਾ। ਸਾਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।
ਸੰਪਰਕ: 94630-20766

Advertisement

Advertisement
Author Image

joginder kumar

View all posts

Advertisement