ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਦੇ ਟੋਰੀ ਆਗੂ ਪੀਅਰੇ ਪੋਲੀਵਰ ਨੇ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਹਟਾਉਣ ਲਈ ਆਪਣੀ ਪਹਿਲੀ ਨਾਕਾਮੀ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ ਤੇ ਅੱਜ ਦੂਜੀ ਵਾਰ ਬੇਭਰੋਸਗੀ ਮਤਾ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ ਮਤੇ ’ਤੇ ਬਹਿਸ ਮਗਰੋਂ ਮੰਗਲਵਾਰ ਨੂੰ ਵੋਟਿੰਗ ਕਰਵਾਈ ਜਾ ਸਕਦੀ ਹੈ। ਪਹਿਲੇ ਮਤੇ ’ਚ ਕਿਸੇ ਵੀ ਹੋਰ ਪਾਰਟੀ ਦੇ ਕਿਸੇ ਸੰਸਦ ਮੈਂਬਰ ਵਲੋਂ ਹਮਾਇਤ ਦੀ ਥਾਂ ਸਰਕਾਰ ’ਚ ਭਰੋਸਾ ਪ੍ਰਗਟਾਉਣ ਕਰਕੇ ਮਤਾ ਪਾਸ ਨਹੀਂ ਸੀ ਹੋ ਸਕਿਆ। ਬੇਭਰੋਸਗੀ ਮਤੇ ਦੇ ਹੱਕ ’ਚ 120 ਜਦਕਿ ਵਿਰੋਧ 211 ਵੋਟਾਂ ਪਈਆਂ ਸਨ। ਪੀਅਰੇ ਪੋਲੀਵਰ ਦੇ ਦਸਤਖਤਾਂ ਹੇਠ ਦੂਜਾ ਮਤਾ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਟੋਰੀ ਸੰਸਦ ਮੈਂਬਰ ਲੱਕ ਬੈਰਥੋਡ ਵੱਲੋਂ ਸੰਸਦ ਸਾਹਮਣੇ ਰੱਖਿਆ ਗਿਆ। ਬੇਸ਼ੱਕ 34 ਮੈਂਬਰਾਂ ਵਾਲੀ ਬਲਾਕ ਕਿਊਬਕ ਪਾਰਟੀ ਨੇ 29 ਅਕਤੂਬਰ ਤੱਕ ਆਪਣੇ ਸੂਬੇ ਨਾਲ ਸਬੰਧਤ ਦੋ ਬਿੱਲ ਪਾਸ ਕਰਨ ਦਾ ਅਲਟੀਮੇਟਮ ਦਿੱਤਾ ਹੈ ਪਰ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਟੋਰੀ ਪਾਰਟੀ ਨੂੰ ਬਲਾਕ ਜਾਂ ਐੱਨਡੀਪੀ ’ਚੋਂ ਕਿਸੇ ਇੱਕ ਦੀ ਹਮਾਇਤ ਹੀ ਕਾਫੀ ਹੈ। ਲਿਬਰਲ ਪਾਰਟੀ ਦੇ ਆਪਣੇ 154 ਮੈਂਬਰ ਹਨ ਅਤੇ ਜੇ ਐੱਨਡੀਪੀ ਦੇ 24 ਮੈਂਬਰ ਉਸ ਦੇ ਹੱਕ ਵਿੱਚ ਖੜ੍ਹਦੇ ਹਨ ਤਾਂ ਦੂਜਾ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਜਾਏਗਾ।