ਚਰਚ ਬੇਅਦਬੀ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੂਨ
ਚਰਚ ਬੇਅਦਬੀ ਮਾਮਲੇ ਵਿਚ ਕਾਬੂ ਕੀਤੇ ਜਸਵਿੰਦਰ ਸਿੰਘ ਉਰਫ਼ ਮੁਨਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਉਸ ਦੇ ਇੱਕ ਹੋਰ ਸਾਥੀ ਨੂੰ ਕਾਬੂ ਕੀਤਾ ਹੈ ਜਿਸ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਕੋਟਲਾ ਗੁੱਜਰ ਸਿੰਘ ਵਾਲਾ, ਤਰਨ ਤਾਰਨ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਭਾਵੇਂ ਲਖਵਿੰਦਰ ਬੇਅਦਬੀ ਦੀ ਘਟਨਾ ਵਿੱਚ ਸ਼ਾਮਲ ਨਹੀਂ ਸੀ ਪਰ ਉਸ ਨੇ ਬੇਅਦਬੀ ਕਰਨ ਵਾਲਿਆਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਪਨਾਹ ਦਿੱਤੀ। ਪੁਲੀਸ ਨੇ ਉਸ ਕੋਲੋਂ .32 ਬੋਰ ਦੇਸੀ ਪਿਸਤੌਲ ਸਣੇ 6 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਨੂੰ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਹੋਰ ਪੁੱਛਗਿੱਛ ਲਈ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤੂਤ ਪਿੰਡ ਦੇ ਗੁਰਵਿੰਦਰ ਸਿੰਘ ਉਰਫ ਅਫਰੀਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਬੇਅਦਬੀ ਦੀ ਘਟਨਾ ਵਿੱਚ ਸ਼ਾਮਲ ਸੀ। ਜਸਵਿੰਦਰ, ਗੁਰਵਿੰਦਰ ਸਿੰਘ ਤੇ ਤਿੰਨ ਹੋਰਾਂ ਨੇ 31 ਅਗਸਤ, 2022 ਨੂੰ ਪਿੰਡ ਠੱਕਰਪੁਰਾ ਵਿਚ ਸੇਕਰਡ ਹਾਰਟ ਸਕੂਲ ਨੇੜੇ ਸਥਿਤ ਗਿਰਜਾਘਰ ਦੀ ਭੰਨਤੋੜ ਕੀਤੀ ਸੀ।