ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਾਲਾਨਾ ਜ਼ੋਨਲ ਕਾਰਜਸ਼ਾਲਾ ਸ਼ੁਰੂ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਸਤੰਬਰ
ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ, ਲੁਧਿਆਣਾ ਅਧੀਨ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਸਾਲਾਨਾ ਜ਼ੋਨਲ ਕਾਰਜਸ਼ਾਲਾ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿੱਚ ਸ਼ੁਰੂ ਹੋ ਗਈ ਹੈ। ਕਾਰਜਸ਼ਾਲਾ ਦੇ ਉਦਘਾਟਨੀ ਸਮਾਰੋਹ ਵਿੱਚ ਡਾ. ਵਾਈ ਐਸ ਪਰਮਾਰ, ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫਾਰੈਸਟਰੀ, ਹਿਮਾਚਲ ਪ੍ਰਦੇਸ਼ ਦੇ ਉਪ ਕੁਲਪਤੀ ਡਾ. ਰਾਜੇਸ਼ਵਰ ਸਿੰਘ ਚੰਦੇਲ ਨੇ ਮੁੱਖ ਮਹਿਮਾਨ ਜਦਕਿ ਵੈਟਨਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਸਾਇੰਸ ਅਤੇ ਤਕਨਾਲੋਜੀ ਦੇ ਸਾਬਕਾ ਉਪ-ਕੁਲਪਤੀ ਡਾ. ਜੇ ਪੀ ਸ਼ਰਮਾ ਨੇ ਸਮਾਗਮ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਪ੍ਰਬੰਧਕੀ ਸਕੱਤਰ ਤੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਪ੍ਰਕਾਸ਼ ਸਿੰਘ ਬਰਾੜ ਨੇ ਮਹਿਮਾਨਾਂ ਤੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ। ਡਾ. ਚੰਦੇਲ ਨੇ ਪ੍ਰਦਰਸ਼ਨੀਆਂ ਰਾਹੀਂ ਪ੍ਰਸਾਰ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੋਜ ਤੇ ਕਿਸਾਨਾਂ ਦੌਰਾਨ ਸਾਂਝ ਵਧਾਉਣ ਵਾਲੇ ਪਹਿਲੂਆਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜ਼ਮੀਨੀ ਹਕੀਕਤਾਂ ਵਾਲੀਆਂ ਖੋਜਾਂ, ਕੁਦਰਤੀ ਖੇਤੀ ਅਤੇ ਟਿਕਾਊ ਵਾਤਾਵਰਣ ਦੀ ਮਹੱਤਤਾ ਬਾਰੇ ਗੱਲ ਕੀਤੀ। ਡਾ. ਗਿੱਲ ਨੇ ਲੋੜ ਆਧਾਰਿਤ ਤਕਨਾਲੋਜੀਆਂ ਦੇ ਤਬਾਦਲੇ ਬਾਰੇ ਚਰਚਾ ਕੀਤੀ। ਡਾ. ਜੇ ਪੀ ਸ਼ਰਮਾ ਨੇ ਖੇਤੀਬਾੜੀ ਵਿਚ ਵਿਭਿੰਨਤਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਉਤਪਾਦ, ਉਦਮੀ ਵਿਕਾਸ ਅਤੇ ਮੰਡੀਕਾਰੀ ਦੀ ਬੁੱਧੀਮਤਾ ਕਿਸਾਨੀ ਭਾਈਚਾਰੇ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦੀ ਹੈ। ਡਾ. ਪਰਵੇਂਦਰ ਸ਼ੇਰੋਨ ਨੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਬਾਰੇ ਦੱਸਿਆ। ਸਮਾਗਮ ਵਿੱਚ ਵੱਖ ਵੱਖ ਪ੍ਰਕਾਸ਼ਨਾਵਾਂ ਅਤੇ ਵੀਡੀਓ ਫਿਲਮ ਦੀ ਘੁੰਡ ਚੁਕਾਈ ਵੀ ਕੀਤੀ ਗਈ। ਡਾ. ਰਾਜੇਸ਼ ਰਾਣਾ ਨੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਨੂੰ ਧੰਨਵਾਦ ਕਹਿਣ ਦੀ ਰਸਮ ਨਿਭਾਈ। ਆਉਂਦੀ 20 ਸਤੰਬਰ ਤਕ ਚਲਣ ਵਾਲੀ ਇਸ ਕਾਰਜਸ਼ਾਲਾ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਪੂਰਵ ਕਾਰਗੁਜ਼ਾਰੀ ਅਤੇ ਭਵਿੱਖੀ ਆਸ਼ਿਆਂ ਸੰਬੰਧੀ ਸੰਜੀਦਾ ਵਿਚਾਰ ਚਰਚਾ ਕੀਤੀ ਜਾਏਗੀ।