ਪੰਜਗਰਾਈਆਂ ਸਮਾਰਟ ਸਕੂਲ ਵਿੱਚ ਸਾਲਾਨਾ ਖੇਡ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਬਟਾਲਾ, 7 ਦਸੰਬਰ
ਸਰਕਾਰੀ ਹਾਈ ਸਮਾਰਟ ਸਕੂਲ ਪੰਜਗਰਾਈਆਂ ਵਿੱਚ ਖੇਡਾਂ ਹੋਈਆਂ, ਜਿਸ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ’ਚ ਹਿੱਸਾ ਲਿਆ। ਇਹ ਖੇਡਾਂ ਸਕੂਲ ਹੈੱਡਮਾਸਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈਆਂ। ਸਕੂਲ ਦੇ ਖੇਡ ਮੈਦਾਨ ਵਿੱਚ ਹੋਈਆਂ ਖੇਡਾਂ ’ਚ ਮੁੱਖ ਮਹਿਮਾਨ ਵਜੋਂ ਸਰਕਾਰੀ ਬਹੁ-ਤਕਨੀਕੀ ਕਾਲਜ ਬਟਾਲਾ ਦੇ ਖੇਡ ਅਧਿਕਾਰੀ ਜਗਦੀਪ ਸਿੰਘ ਨੇ ਜਿੱਥੇ ਸ਼ਿਰਕਤ ਕੀਤੀ, ਉੱਥੇ ਖੇਡਾਂ ਦਾ ਆਗ਼ਾਜ਼ ਡੀਟੀਸੀ ਦੇ ਜਨਰਲ ਸਕੱਤਰ ਨਵਦੀਪ ਸਿੰਘ ਨੇ ਕੀਤਾ। ਵਿਦਿਆਰਥੀਆਂ ਦੇੇ 100 ਮੀਟਰ, 200 ਮੀਟਰ, 400 ਮੀਟਰ ਅਤੇ 1500 ਮੀਟਰ ਦੌੜਾਂ ਹੋਈਆਂ। ਇਸੇ ਤਰ੍ਹਾਂ ਖੋ-ਖੋ, ਰੱਸਾਕਸ਼ੀ, ਕਬੱਡੀ, ਲੰਬੀ ਛਾਲ ਤੋਂ ਇਲਾਵਾ ਕਈ ਮਨੋਰੰਜਨ ਵਾਲੀਆਂ ਖੇਡਾਂ ਵੀ ਕਰਵਾਈਆਂ ਗਈਆਂ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਨਵਦੀਪ ਸਿੰਘ ਨੇ ਨਿਭਾਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਜਿੱਥੇ ਹਾਜ਼ਰ ਰਿਹਾ, ਉੱਥੇ ਥਾਣਾ ਰੰਗੜ ਨੰਗਲ ਦੇ ਐੱਸਐੱਚਓ ਸੁਖਵਿੰਦਰ ਸਿੰਘ ਕਾਹਲੋਂ, ਐੱਸਐੱਮਸੀ ਚੇਅਰਮੈਨ ਗੁਰਮੀਤ ਸਿੰਘ ਤੇ ਗੁਰਬਚਨ ਸਿੰਘ ਬਾਜਵਾ ਸਮੇਤ ਹੋਰ ਹਾਜ਼ਰ ਸਨ।
ਹਾਕੀ ਮੁਕਾਬਲੇ ’ਚ ਸੀਚੇਵਾਲ ਸਕੂਲ ਤੀਜੇ ਸਥਾਨ ’ਤੇ
ਸ਼ਾਹਕੋਟ: ਸੂਬਾ ਪੱਧਰੀ ਹਾਕੀ ਮੁਕਾਬਲੇ ’ਚ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਸੀਚੇਵਾਲ ਦੀ ਹਾਕੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕਰ ਕੇ ਸਕੂਲ, ਤਹਿਸੀਲ ਸ਼ਾਹਕੋਟ ਅਤੇ ਜ਼ਿਲ੍ਹਾ ਜਲੰਧਰ ਦਾ ਨਾਮ ਚਮਕਾਇਆ ਹੈ। ਸੀਚੇਵਾਲ ਕਾਲਜ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਹਾਕੀ ਮੁਕਾਬਲੇ ਲਈ ਜ਼ਿਲ੍ਹਾ ਜਲੰਧਰ ਦੀ ਟੀਮ ਵਿੱਚ ਸੀਚੇਵਾਲ ਹਾਕੀ ਅਕੈਡਮੀ ਦੇ 4 ਖਿਡਾਰੀ ਸ਼ਾਮਲ ਸਨ। ਅਕੈਡਮੀ ਦੇ ਕੋਚ ਦਵਿੰਦਰ ਸਿੰਘ ਕੋਲੋਂ ਕੋਚਿੰਗ ਲੈਣ ਵਾਲੇ ਸੀਚੇਵਾਲ ਸਕੂਲ ਦੇ ਖਿਡਾਰੀ ਗੁਰਮਤ ਸਿੰਘ, ਸੁਖਸਹਿਜ ਸਿੰਘ, ਪਵਨਦੀਪ ਸਿੰਘ ਅਤੇ ਅਮਰਿੰਦਰ ਸਿੰਘ ਨੇ ਜਲੰਧਰ ਵੱਲੋਂ ਖੇਡਦਿਆਂ ਪੰਜਾਬ ਭਰ ਵਿੱਚ ਤੀਜਾ ਸਥਾਨ ਹਾਸਲ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਸਕੂਲ ਪਹੁੰਚਣ ’ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਟਰੱਸਟ ਦੇ ਪ੍ਰਬੰਧਕ ਸੁਰਜੀਤ ਸਿੰਘ ਸੀਚੇਵਾਲ, ਕੋਚ ਦਵਿੰਦਰ ਸਿੰਘ, ਪ੍ਰੋ. ਕੁਲਵੰਤ ਕੌਰ, ਰਾਜਬੀਰ ਕੌਰ, ਕਰਮਜੀਤ ਕੌਰ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਉਨ੍ਹਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ