ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ’ਚ ਸਾਲਾਨਾ ਇਨਾਮ ਵੰਡ ਸਮਾਗਮ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 27 ਦਸੰਬਰ
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਵੱਲੋਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਡਾ. ਪਿਯੂਸ਼ ਵਰਮਾ (ਪ੍ਰੋ. ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ) ਨੇ ਮੁੱਖ ਮਹਿਮਾਨ ਅਤੇ ਸ੍ਰੀ ਹੇਰੰਬ ਪਾਂਡੇ (ਡਾਇਰੈਕਟਰ ਆਈਆਈਟੀਆਈ ਕਲਾਸਿਸ ਬਠਿੰਡਾ) ਤੇ ਸੇਵਾਮੁਕਤ ਪ੍ਰਿੰਸੀਪਲ ਵਿਜੈ ਗਰਗ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਚੇਅਰਮੈਨ ਵਿਨੋਦ ਖੁਰਾਣਾ, ਐੱਮਡੀ ਮੀਨੂੰ ਖੁਰਾਣਾ, ਸਕੂਲ ਪ੍ਰਧਾਨ ਲਗਨ ਖੁਰਾਣਾ ਅਤੇ ਪ੍ਰਿੰਸੀਪਲ ਮੀਨੂੰ ਗਰਗ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਅਤੇ ਬੱਚਿਆਂ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਹੋਈ। ਸਕੂਲ ਪ੍ਰਿੰਸੀਪਲ ਮੀਨੂੰ ਗਰਗ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸਾਲਾਨਾ ਰਿਪੋਰਟ ਪੜ੍ਹੀ। ਇਸ ਮਗਰੋਂ ਬੱਚਿਆਂ ਨੇ ਗਿੱਧੇ, ਭੰਗੜੇ ਤੋਂ ਇਲਾਵਾ ਸਮਾਜਿਕ ਬੁਰਾਈਆਂ, ਨਸ਼ਿਆਂ, ਰਿਸ਼ਵਤਖੋਰੀ ’ਤੇ ਵਿਅੰਗ ਕਰਦੀਆਂ ਸਕਿੱਟਾਂ, ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਦੇਸ਼ ਭਗਤੀ ਦੇ ਗੀਤ, ਲੋਕ-ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਅਹਿਮ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਤੇ ਹੋਰ ਪਹੁੰਚੇ ਪਤਵੰਤਿਆਂ ਨੂੰ ਵੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਸਟੇਜ ਸੰਚਾਲਨ ਦੀ ਭੂਮਿਕਾ ਪਰਮਿੰਦਰ ਕੌਰ ਨੇ ਨਿਭਾਈ। ਸਕੂਲ ਪ੍ਰਧਾਨ ਲਗਨ ਖੁਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕੋਆਰਡੀਨੇਟਰ ਬੇਅੰਤ ਕੌਰ ਅਤੇ ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ, ਵੀਰਪਾਲ ਕੌਰ, ਪਰਮਿੰਦਰ ਕੌਰ, ਨਿਰਮਲ ਕੌਰ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਸੁਖਮੰਦਰ ਸਿੰਘ ਭਾਗੀਵਾਂਦਰ ਆਦਿ ਹਾਜ਼ਰ ਸਨ।