ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਂਚੀ ’ਚ ਭਾਜਪਾ ਖ਼ਿਲਾਫ਼ ਵਰ੍ਹੀ ਵਿਰੋਧੀ ਧਿਰ

07:41 AM Apr 22, 2024 IST
ਰੈਲੀ ਦੌਰਾਨ (ਖੱਬੇ ਤੋਂ ਸੱਜੇ) ਪ੍ਰਿਯੰਕਾ ਚਤੁਰਵੇਦੀ, ਕਲਪਨਾ ਸੋਰੇਨ, ਸੰਜੈ ਸਿੰਘ, ਭਗਵੰਤ ਮਾਨ, ਅਖਿਲੇਸ਼, ਚੰਪਈ ਸੋਰੇਨ ਤੇ ਫਾਰੂਕ ਅਬਦੁੱਲਾ ਇਕਜੁੱਟਤਾ ਜ਼ਾਹਿਰ ਕਰਦੇ ਹੋਏ। -ਫੋਟੋ: ਪੀਟੀਆਈ

ਰਾਂਚੀ, 21 ਅਪਰੈਲ
‘ਇੰਡੀਆ’ ਗੱਠਜੋੜ ਨੇ ਇਥੇ ‘ਨਿਆਂ ਰੈਲੀ’ ਰਾਹੀਂ ਤਾਕਤ ਅਤੇ ਏਕਤਾ ਦਾ ਪ੍ਰਦਰਸ਼ਨ ਕਰਕੇ ਲੋਕ ਸਭਾ ਚੋਣਾਂ ਨੂੰ ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦੀ ਜੰਗ ਕਰਾਰ ਦਿੱਤਾ। ਗੱਠਜੋੜ ਦੇ ਆਗੂਆਂ ਨੇ ਕੇਂਦਰ ਦੀ ਅਗਵਾਈ ਹੇਠਲੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮੁੜ ਹੋਕਾ ਦਿੱਤਾ। ਇਥੇ ਪ੍ਰਭਾਤ ਤਾਰਾ ਮੈਦਾਨ ’ਚ ਕੀਤੀ ਗਈ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਲਈ ਭਾਜਪਾ ’ਤੇ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਲੋਕ ਵੋਟਾਂ ਰਾਹੀਂ ਜਵਾਬ ਦੇਣਗੇ। ਇਸ ਮੌਕੇ ਸਟੇਜ ’ਤੇ ਦੋ ਦੋਵੇਂ ਮੁੱਖ ਮੰਤਰੀਆਂ ਦੇ ਨਾਮ ਵਾਲੀਆਂ ਦੋ ਖਾਲੀ ਕੁਰਸੀਆਂ ਵੀ ਰੱਖੀਆਂ ਗਈਆਂ ਸਨ। ਬਿਮਾਰ ਹੋਣ ਕਾਰਨ ਕਾਂਗਰਸ ਆਗੂ ਰਾਹੁਲ ਗਾਂਧੀ ਰੈਲੀ ’ਚ ਸ਼ਮੂਲੀਅਤ ਨਾ ਕਰ ਸਕੇ। ਝਾਰਖੰਡ ਮੁਕਤੀ ਮੋਰਚਾ ਦੇ ਮੁਖੀ ਸ਼ਿਬੂ ਸੋਰੇਨ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ,‘‘ਹੇਮੰਤ ਸੋਰੇਨ ਹੌਸਲਾ ਛੱਡਣ ਵਾਲੇ ਨਹੀਂ ਹਨ। ਉਹ ਜੇਲ੍ਹ ਤੋਂ ਨਹੀਂ ਡਰਦੇ ਹਨ। ਜੇਕਰ ਦੋ ਮੁੱਖ ਮੰਤਰੀਆਂ ਨੂੰ ਜੇਲ੍ਹ ’ਚ ਡੱਕ ਦਿੱਤਾ ਗਿਆ ਹੈ ਤਾਂ ਅਸੀਂ ਖ਼ਤਮ ਨਹੀਂ ਹੋਣ ਵਾਲੇ ਹਾਂ। ਸਾਡੇ ’ਤੇ ਦਬਾਅ ਨਹੀਂ ਪਾਇਆ ਜਾ ਸਕਦਾ ਹੈ। ਅਸੀਂ ਅੱਗੇ ਵਧਦੇ ਅਤੇ ਤਰੱਕੀ ਕਰਦੇ ਰਹਾਂਗੇ।’’ ਭਾਜਪਾ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਹਾਕਮਾਂ ਨੇ ਇਕ ਆਦਿਵਾਸੀ ਮਹਿਲਾ ਨੂੰ ਸਿਰਫ਼ ਵੋਟਾਂ ਖ਼ਾਤਰ ਦੇਸ਼ ਦਾ ਰਾਸ਼ਟਰਪਤੀ ਬਣਾਇਆ ਹੈ। ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਕਰੀਆਂ ਦੇਣ, ਕਾਲਾ ਧਨ ਵਾਪਸ ਲਿਆਉਣ, ਕਿਸਾਨਾਂ ਦੀ ਆਮਦਨ ਵਧਾਉਣ ਅਤੇ ਹੋਰ ਵਾਅਦਿਆਂ ਬਾਰੇ ਸਿਰਫ਼ ਝੂਠ ਹੀ ਬੋਲਿਆ ਹੈ।’ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨੂੰ 150 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਖੜਗੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ‘ਸ਼ਕਤੀ’ ਇੰਨੀ ਮਜ਼ਬੂਤ ਹੈ ਕਿ ਭਾਜਪਾ ਉਨ੍ਹਾਂ ਦੀ ‘ਸ਼ਕਤੀ’ ਨੂੰ ਨਹੀਂ ਤੋੜ ਸਕਦੀ ਹੈ। ‘ਉਹ 500, 400 ਸੀਟਾਂ ਜਿੱਤਣ ਬਾਰੇ ਗੱਲ ਕਰਦੇ ਹਨ ਪਰ ਇਸ ਵਾਰ ਗੱਠਜੋੜ ਦੀ ‘ਸ਼ਕਤੀ’ ਇੰਨੀ ਮਜ਼ਬੂਤ ਹੈ ਕਿ ਮੋਦੀ ਹੋਵੇ ਜਾਂ ਕੋਈ ਹੋਰ ਭਾਜਪਾ ਸਾਡੀ ਸ਼ਕਤੀ ਨੂੰ ਨਹੀਂ ਤੋੜ ਸਕਦੇ ਹਨ। ਉਹ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੇਮੰਤ ਸੋਰੇਨ ਨੂੰ ਇੰਡੀਆ ਗੱਠਜੋੜ ਨਾਲੋਂ ਨਾਤਾ ਨਾ ਤੋੜਨ ਕਰਕੇ ਜੇਲ੍ਹ ਭੇਜਿਆ ਗਿਆ ਹੈ।’ ‘ਆਪ’ ਆਗੂ ਸੰਜੈ ਸਿੰਘ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਉਹ ਭ੍ਰਿਸ਼ਟਾਚਾਰ ਬਾਰੇ ਗੱਲ ਕਰਦੀ ਹੈ ਤਾਂ ਇੰਜ ਜਾਪਦਾ ਹੈ ਕਿ ‘ਓਸਾਮਾ ਬਿਨ ਲਾਦੇਨ ਅਤੇ ਗੱਬਰ ਸਿੰਘ ਅਹਿੰਸਾ ਬਾਰੇ ਬੋਲ ਰਹੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮੋਦੀ ਵਾਸ਼ਿੰਗ ਪਾਊਡਰ ਸਾਰੇ ਭ੍ਰਿਸ਼ਟਾਚਾਰ ਨੂੰ ਸਾਫ਼ ਕਰ ਦਿੰਦਾ ਹੈ। ‘ਨਰਿੰਦਰ ਮੋਦੀ ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਦੇ ਹਨ। ਉਹ ਹੇਮੰਤ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਹੇਠ ਜੇਲ੍ਹ ’ਚ ਡੱਕਦੇ ਹਨ।

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮਿਲਦੀ ਹੋਈ ਕਲਪਨਾ ਸੋਰੇਨੇ ਤੇ (ਸੱਜੇ) ਰੈਲੀ ਦੌਰਾਨ ਲੋਕਾਂ ਦਾ ਭਰਵਾਂ ਇਕੱਠ। -ਫੋਟੋਆਂ: ਏਐੱਨਆਈ

ਉਹ ਅਤੇ ਭਾਜਪਾ ਜਦੋਂ ਭ੍ਰਿਸ਼ਟਾਚਾਰ ਬਾਰੇ ਬੋਲਦੀ ਹੈ ਤਾਂ ਇੰਜ ਜਾਪਦਾ ਹੈ ਜਿਵੇਂ ਓਸਾਮਾ ਬਿਨ ਲਾਦੇਨ ਅਤੇ ਗੱਬਰ ਸਿੰਘ ਅਹਿੰਸਾ ਦਾ ਸਬਕ ਸਿਖਾ ਰਹੇ ਹਨ। ਮੋਦੀ ਵਾਸ਼ਿੰਗ ਪਾਊਡਰ ਆ ਗਿਆ ਹੈ ਜੋ ਤੁਹਾਡੇ ਸਾਰੇ ਭ੍ਰਿਸ਼ਟਾਚਾਰ ਨੂੰ ਸਾਫ਼ ਕਰ ਦਿੰਦਾ ਹੈ। ਉਨ੍ਹਾਂ ਦਾ ਨਾਅਰਾ-ਜੋ ਜਿੰਨਾ ਵੱਡਾ ਭ੍ਰਿਸ਼ਟਾਚਾਰੀ, ਉਹ ਓਨਾ ਵੱਡਾ ਪਦਅਧਿਕਾਰੀ।’ ਰਾਜ ਸਭਾ ਮੈਂਬਰ ਨੇ ਕਿਹਾ ਕਿ ਦੋ ਵੀਰ ਨਾਰੀਆਂ ਕਲਪਨਾ ਸੋਰੇਨ ਅਤੇ ਸੁਨੀਤਾ ਕੇਜਰੀਵਾਲ ਇਥੇ ਬੈਠੀਆਂ ਹਨ। ਜੇਕਰ ਉਹ ਆ ਸਕਦੀਆਂ ਹਨ ਤਾਂ ਸਾਨੂੰ ਸਾਰਿਆਂ ਨੂੰ ਵੀ ਖੁੱਲ੍ਹ ਕੇ ਬਾਹਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਥੇ ਇਕੱਤਰ ਹੋਏ ਵੱਡੀ ਗਿਣਤੀ ਲੋਕ ਮੋਦੀ ਨੂੰ ਹਰਾਉਣ ਦਾ ਸੁਨੇਹਾ ਦੇ ਰਹੇ ਹਨ ਅਤੇ ਆਦਿਵਾਸੀਆਂ ਨੇ ਤਾਂ ਬਰਤਾਨਵੀ ਹਾਕਮਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਝਾਰਖੰਡ ਦੇ ਮੁੱਖ ਮੰਤਰੀ ਚੰਪਈ ਸੋਰੇਨ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੇਮੰਤ ਸੋਰੇਨ ਆਦਿਵਾਸੀਆਂ, ਹਾਸ਼ੀਏ ’ਤੇ ਲੋਕਾਂ ਅਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਕੰਮ ਕਰ ਰਹੇ ਸਨ ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ’ਚ ਡੱਕਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਜਰੀਵਾਲ ਅਤੇ ਸੋਰੇਨ ਨਾਲ ਅਨਿਆਂ ਕੀਤਾ ਹੈ ਅਤੇ ਲੋਕ ਵੋਟਾਂ ਰਾਹੀਂ ਇਸ ਬੇਇਨਸਾਫ਼ੀ ਦਾ ਜਵਾਬ ਦੇਣਗੇ। ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਸਰਕਾਰ ਸੋਚਦੀ ਹੈ ਕਿ ਵਿਰੋਧੀ ਧਿਰ ਜੇਲ੍ਹ ਤੋਂ ਡਰ ਗਈ ਹੈ। ‘ਉਹ ਨਹੀਂ ਜਾਣਦੇ ਹਨ ਕਿ ਅਸੀਂ ਭਗਵਾਨ ਕ੍ਰਿਸ਼ਨ ਦੇ ਪੈਰੋਕਾਰ ਹਾਂ ਜਿਨ੍ਹਾਂ ਦਾ ਜਨਮ ਜੇਲ੍ਹ ਦੀ ਕੋਠੜੀ ’ਚ ਹੀ ਹੋਇਆ ਸੀ।’ ਨੈਸ਼ਨਲ ਕਾਨਫਰੰਸ ਦੇ ਆਗੂ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਡਾਕਟਰ ਬੀ ਆਰ ਅੰਬੇਡਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਅੱਜ ਖ਼ਤਰੇ ’ਚ ਹੈ। ਰੈਲੀ ’ਚ ਸ਼ਿਵ ਸੈਨਾ (ਯੂਬੀਟੀ) ਦੀ ਪ੍ਰਿਯੰਕਾ ਚਤੁਰਵੇਦੀ ਅਤੇ ਹੋਰ ਆਗੂ ਵੀ ਹਾਜ਼ਰ ਸਨ। -ਏਐੱਨਆਈ/ਆਈਏਐੱਨਐੱਸ

ਅਖਿਲੇਸ਼ ਯਾਦਵ ਕੇਜਰੀਵਾਲ ਦੇ ਹੱਕ ’ਚ ਨਿਤਰੇ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵਧੀ ਸ਼ੂਗਰ ਸਬੰਧੀ ਲਾਏ ਜਾ ਰਹੇ ਦੋਸ਼ਾਂ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਵੀ ਉਨ੍ਹਾਂ ਦੇ ਹੱਕ ਵਿੱਚ ਨਿਤਰ ਆਏ ਹਨ। ਉਨ੍ਹਾਂ ‘ਐਕਸ’ ਉੱਤੇ ਲਿਖਿਆ,‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੰਗੀ ਸਿਹਤ ਦਾ ਮੌਲਿਕ ਅਧਿਕਾਰ ਹੈ। ਇਹ ਖ਼ਬਰ ਮੰਨਣਯੋਗ ਨਹੀਂ ਹੈ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਆਪਣੀ ਵਧਦੀ ਸ਼ੂਗਰ ਨੂੰ ਕੰਟਰੋਲ ਕਰਨ ਲਈ ਇਨਸੁਲਿਨ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਖ਼ਬਰ ਦਾ ਤੁਰੰਤ ਉੱਚ ਪੱਧਰੀ ਨੋਟਿਸ ਲਿਆ ਜਾਣਾ ਚਾਹੀਦਾ ਹੈ ਅਤੇ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਸ ਸਾਜ਼ਿਸ਼ ਪਿੱਛੇ ਕਿਸ ਦੀਆਂ ਹਦਾਇਤਾਂ ਹਨ।’

Advertisement

ਕੇਜਰੀਵਾਲ ਨੂੰ ਜੇਲ੍ਹ ’ਚ ਮਾਰਨ ਦੀ ਕੋਸ਼ਿਸ਼: ਸੁਨੀਤਾ

‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਦਿਨ-ਰਾਤ ਦਿੱਲੀ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ। ਉਨ੍ਹਾਂ ਨੂੰ ਸ਼ੂਗਰ ਦਾ ਰੋਗ ਹੋਣ ਦੇ ਬਾਵਜੂਦ ਜਾਣਬੁੱਝ ਕੇ ਜੇਲ੍ਹ ਵਿੱਚ ਰੱਖਿਆ ਗਿਆ ਹੈ। ਦੇਸ਼ ਦੀ ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ 20 ਸਾਲ ਤੋਂ ਸ਼ੂਗਰ ਦੇ ਮਰੀਜ਼ ਹਨ। ਉਹ ਪਿਛਲੇ 12 ਸਾਲ ਤੋਂ 50 ਯੂਨਿਟ ਇਨਸੁਲਿਨ ਰੋਜ਼ਾਨਾ ਲੈਂਦੇ ਹਨ ਪਰੰਤੂ ਇਹ ਲੋਕ ਉਨ੍ਹਾਂ ਨੂੰ ਇਨਸੁਲਿਨ ਨਾ ਦੇ ਕੇ ਜੇਲ੍ਹ ਵਿੱਚ ਮਾਰਨਾ ਚਾਹੁੰਦੇ ਹਨ। ਕੇਜਰੀਵਾਲ ਦੇ ਜੇਲ੍ਹ ’ਚ ਅੰਬ ਅਤੇ ਮਠਿਆਈਆਂ ਖਾਣ ਦੇ ਈਡੀ ਦੇ ਦੋਸ਼ਾਂ ਉੱਤੇ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਲੋਕ ਸੱਚ ਹੀ ਕਹਿੰਦੇ ਹਨ ਕਿ ਰਾਜਨੀਤੀ ਬਹੁਤ ਗੰਦੀ ਚੀਜ਼ ਹੈ, ਤਾਂ ਹੀ ਕੈਮਰੇ ਲਗਾ ਕੇ ਕੇਜਰੀਵਾਲ ਦੀ ਇੱਕ-ਇੱਕ ਬੁਰਕੀ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨਾਅਰਾ ਲਾਇਆ,‘‘ਜੇਲ੍ਹ ਕਾ ਤਾਲਾ ਟੂਟੇਗਾ, ਅਰਵਿੰਦ ਕੇਜਰੀਵਾਲ ਛੂਟੇਗਾ, ਹੇਮੰਤ ਸੋਰੇਨ ਛੂਟੇਗਾ।’’

ਸੋਰੇਨ ’ਤੇ ਆਧਾਰਹੀਣ ਦੋਸ਼ ਲਗਾ ਕੇ ਜੇਲ੍ਹ ਭੇਜਿਆ: ਕਲਪਨਾ

ਰੈਲੀ ’ਚ ਮੌਜੂਦ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਨੇ ਪਤੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਪਤੀ ਨੂੰ ਆਧਾਰਹੀਣ ਦੋਸ਼ ਲਗਾ ਕੇ ਜੇਲ੍ਹ ਭੇਜਿਆ ਗਿਆ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਚੋਣਾਂ ਤੋਂ ਐਨ ਪਹਿਲਾਂ ਵਿਰੋਧੀ ਧਿਰਾਂ ਦੇ ਮੁੱਖ ਮੰਤਰੀਆਂ ਨੂੰ ਜੇਲ੍ਹ ਭੇਜਿਆ ਗਿਆ ਹੈ। ਕਲਪਨਾ ਨੇ ਕਿਹਾ,‘‘ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ ਹਾਂ। ਜਦੋਂ ਅਸੀਂ ਕੇਂਦਰ ਤੋਂ ਆਪਣੇ ਹੱਕ ਮੰਗਦੇ ਹਾਂ ਤਾਂ ਅਜਿਹੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਆਦਿਵਾਸੀਆਂ ਦੇ ਹੱਕਾਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਕੇਂਦਰੀ ਏਜੰਸੀਆਂ ਰਾਹੀਂ ਵਿਰੋਧੀਆਂ ਦੀ ਆਵਾਜ਼ ਦਬਾਈ ਜਾ ਰਹੀ ਹੈ।’’

ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ: ਭਗਵੰਤ ਮਾਨ

ਰਾਂਚੀ (ਟਨਸ): ਇੰਡੀਆ ਗੱਠਜੋੜ ਦੀ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕੋਈ ਸਿਆਸੀ ਰੈਲੀ ਜਾਂ ਤਾਕਤ ਦਾ ਪ੍ਰਦਰਸ਼ਨ ਨਹੀਂ ਹੈ। ਸੰਵਿਧਾਨ ਅਤੇ ਲੋਕਤੰਤਰ ਬਚਾਉਣ ਦਾ ਪ੍ਰਣ ਲੈਣ ਲਈ ਇਕੱਠੇ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਤੰਤਰ ਨੂੰ ਤਬਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤਾਂ ਜੋ ਉਹ ਚੋਣ ਪ੍ਰਚਾਰ ਨਾ ਕਰ ਸਕਣ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੋਈ ਮੋਦੀ ਲਹਿਰ ਨਹੀਂ ਚੱਲ ਰਹੀ ਹੈ, ਜੇਕਰ ਮੋਦੀ ਲਹਿਰ ਹੁੰਦੀ ਤਾਂ ਭਾਜਪਾਈ ਕੇਜਰੀਵਾਲ ਅਤੇ ਸੋਰੇਨ ਨੂੰ ਜੇਲ੍ਹ ’ਚ ਬੰਦ ਨਾ ਕਰਦੇ। ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਦੀਆਂ ਚੋਣਾਂ ਮਗਰੋਂ ਆ ਰਹੀਆਂ ਰਿਪੋਰਟਾਂ ਤੋਂ ਭਾਜਪਾ ਪੂਰੀ ਤਰ੍ਹਾਂ ਘਬਰਾ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲੇ ਪੜਾਅ ਦੌਰਾਨ 102 ਸੀਟਾਂ ’ਤੇ ਹੋਈ ਵੋਟਿੰਗ ਵਿੱਚੋਂ ਇੰਡੀਆ ਗੱਠਜੋੜ 80 ਤੋਂ 90 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦਾ ਧਿਆਨ ਵੰਡਾਉਣ ਲਈ 400 ਪਾਰ ਦਾ ਨਾਅਰਾ ਦੇ ਰਹੀ ਹੈ, ਪਰੰਤੂ ਅੰਦਰੋਂ ਉਸ ਨੂੰ ਬੁਰੀ ਤਰ੍ਹਾਂ ਹਾਰਨ ਦਾ ਡਰ ਹੈ।

Advertisement