For the best experience, open
https://m.punjabitribuneonline.com
on your mobile browser.
Advertisement

ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਸਮਾਪਤ

07:06 AM Mar 08, 2024 IST
ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਸਾਲਾਨਾ ਖੇਡਾਂ ਸਮਾਪਤ
ਬਰਨਾਲਾ ਵਿੱਚ ਇਕ ਖਿਡਾਰਨ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।
Advertisement

ਰਵਿੰਦਰ ਰਵੀ
ਬਰਨਾਲਾ, 7 ਮਾਰਚ
ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੀਆਂ ਦੋ ਰੋਜ਼ਾ 64ਵੀਆਂ ਸਾਲਾਨਾ ਖੇਡਾਂ ਅੱਜ ਸਮਾਪਤ ਹੋ ਗਈਆਂ ਹਨ। ਇਸ ਖੇਡ ਮੇਲੇ ਵਿਚ ਸੰਸਥਾ ਦੇ ਸਾਰੇ ਕਾਲਜਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਸਮਾਪਤੀ ਸਮਾਰੋਹ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਨ੍ਹਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਰਾਹੁਲ ਅੱਤਰੀ ਨੇ ਡਾ. ਅਨੀਸ਼ ਪ੍ਰਕਾਸ਼ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਮਾਜ ਕਲਿਆਣ ਦੇ ਕੰਮਾਂ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ। ਸੰਸਥਾ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਨੇ ਵਿਦਿਆਰਥੀਆਂ ਨੂੰ ਖੇਡ ਮੈਦਾਨ ਅਤੇ ਜੀਵਨ ਵਿੱਚ ਹਮੇਸ਼ਾ ਹੌਸਲੇ ਬੁਲੰਦ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਪ੍ਰੋ. ਨਿਰਮਲ ਗੁਪਤਾ ਅਤੇ ਪ੍ਰੋ. ਅਮਰੀਸ਼ ਕੁਮਾਰ ਦਾ ਬਿਹਤਰੀਨ ਸੇਵਾਵਾਂ ਲਈ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕਿਹਾ ਕਿ ਸੰਸਥਾ ਦੀ ਪ੍ਰਬੰਧਕੀ ਕਮੇਟੀ ਦੇ ਅਸ਼ੀਰਵਾਦ ਸਦਕਾ ਕਾਲਜ ਖੇਡਾਂ ਸਮੇਤ ਹਰ ਖੇਤਰ ਵਿੱਚ ਮੱਲਾਂ ਮਾਰ ਰਿਹਾ ਹੈ। ਖੇਡ ਮੁਕਾਬਲਿਆਂ ਵਿੱਚ ਐੱਸਡੀ ਡਿਗਰੀ ਕਾਲਜ ਦੀਆਂ ਲੜਕੀਆਂ ਦੇ ਵਰਗ ‘ਚ ਸੁਖਦੀਪ ਕੌਰ ਨੂੰ ਸਭ ਤੋਂ ਵਧੀਆ ਖਿਡਾਰਨ ਐਲਾਨਿਆ ਗਿਆ। ਲੜਕਿਆਂ ਦੇ ਵਰਗ ‘ਚ ਨਵੀਨ ਕੁਮਾਰ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਬੀ.ਐਡ ਕਾਲਜ ਵਿੱਚੋਂ ਬਲਜਿੰਦਰ ਕੌਰ (ਲੜਕੀਆਂ) ਅਤੇ ਨਵਦੀਪ ਸਿੰਘ (ਲੜਕਿਆਂ), ਸਕੂਲ ਵਿੱਚੋਂ ਖ਼ੁਸ਼ਬੂ (ਲੜਕੀਆਂ) ਅਤੇ ਸ਼ਿਵਮ ਕੁਮਾਰ (ਲੜਕੇ) ਵਧੀਆ ਖਿਡਾਰੀ ਐਲਾਨੇ ਗਏ। ਜੇਤੂ ਖਿਡਾਰੀਆਂ ਨੂੰ ਟਰੈਕ ਸੂਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×