ਆਕਸਫੋਰਡ ਸਕੂਲ ਸਿੰਘੇਵਾਲਾ ’ਚ ਸਾਲਾਨਾ ਸਮਾਗਮ
ਇਕਬਾਲ ਸਿੰਘ ਸ਼ਾਂਤ
ਲੰਬੀ, 12 ਦਸੰਬਰ
ਆਕਸਫੋਰਡ ਇੰਟਰਨੈਸ਼ਨਲ ਸਕੂਲ ਸਿੰਘੇਵਾਲਾ ਵਿੱਚ ਸਾਲਾਨਾ ਸਮਾਗਮ ‘ਰੇਡੀਅਸ- 2024’ ਕਰਵਾਇਆ ਗਿਆ। ਇਸ ਮੌਕੇ ਸਮੂਹ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਗਿਆ। ਸਮਾਗਮ ਵਿੱਚ ਮਾਪਿਆਂ ਦਾ ਸਵਾਗਤ ਰਿਵਾਇਤੀ ਅੰਦਾਜ਼ ਅਤੇ ਉਨ੍ਹਾਂ ਦੀ ਫੋਟੋਗਰਾਫੀ ਕਰਵਾ ਕੇ ਕੀਤਾ ਗਿਆ। ਸਮਾਗਮ ਦਾ ਆਗਾਜ਼ ਸਕੂਲ ਦੇ ਸੰਚਾਲਕ ਪਰਮਜੀਤ ਸਿੰਘ ਸਿੱਧੂ, ਪਿੰਸ੍ਰੀਪਲ ਗੁਰਜੋਤ ਸਿੰਘ ਰੰਧਾਵਾ, ਪਰਮਿੰਦਰ ਕੌਰ, ਨਵਦੀਪ ਕੌਰ ਅਤੇ ਜਸਦੀਪ ਕੌਰ ਵੱਲੋਂ ਜੋਤ ਜਗਾ ਕੇ ਕੀਤਾ ਗਿਆ। ਇਸ ਮੌਕੇ ਏਕਮੇ ਪਬਲਿਕ ਸਕੂਲ ਦੇ ਚੇਅਰਮੈਨ ਡਾ. ਰਾਜੀਵ ਮਿੱਡਾ, ਏਕਮੇ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਰੁਣਾ ਮਿੱਡਾ, ਆਤਮਾ ਰਾਮ ਝੋਰੜ, ਚਾਣਕਿਆ ਸ਼ਰਮਾ ਅਤੇ ਐੱਸਐੱਚਓ ਕਰਮਜੀਤ ਕੌਰ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਪ੍ਰਿੰਸੀਪਲ ਗੁਰਜੋਤ ਸਿੰਘ ਰੰਧਾਵਾ ਨੇ ਕਿਹਾ ਕਿ ਪਰਮਜੀਤ ਸਿੰਘ ਸਿੱਧੂ ਵੱਲੋਂ 2008 ਵਿੱਚ ਲਗਾਇਆ ਆਕਸਫੋਰਡ ਸਕੂਲ ਦਾ ਬੂਟਾ ਅੱਜ ਵੱਡਾ ਦਰੱਖਤ ਬਣ ਕੇ ਬੁਲੰਦੀਆਂ ਨੂੰ ਛੂਹ ਰਿਹਾ ਹੈ। ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀਆਂ ਵਿੱਚ ਸ਼ਿਵ ਤਾਂਡਵ, ਲੋਕ ਨਾਚ ਭੰਗੜਾ, ਜੰਗਲ ਥੀਮ, ਜੋਕਰ ਡਾਂਸ, ਪੈਟਰਯੋਟਿਕ ਡਾਂਸ ਦੇ ਜਰੀਏ ਵਿਦਿਆਰਥੀਆਂ ਨੇ ਸਮਾਗਮ ਨੂੰ ਚਾਰ ਚੰਨ੍ਹ ਲਗਾਏ। ਸਕੂਲ ਦੇ ਸਾਬਕਾ ਵਿਦਿਆਰਥੀ ਅਜੈਪ੍ਰਤਾਪ ਸਿੰਘ ਨੇ ‘ਤੁਸੀਂ ਕਿਧਰੇ ਵੀ ਜਾਓ, ਆਪਣੀ ਵਿਰਸੇ ਅਤੇ ਰਵਾਇਤਾਂ ਨੂੰ ਕਦੇ ਨਾ ਭੁੱਲਣ’ ਦਾ ਸੁਨੇਹਾ ਦਿੱਤਾ। ਸਾਬਕਾ ਵਿਦਿਆਰਥਣ ਜੈਸਮੀਨ ਨੇ ਕਿਹਾ ਕਿ ਅੱਜ ਲੜਕੀਆਂ ਹਰ ਖੇਤਰ ਵਿੱਚ ਆਪਣੀ ਪਛਾਣ ਬਣਾ ਰਹੀਆਂ ਹਨ ਅਤੇ ਸਮਾਜ ਵਿੱਚ ਹਾਂ-ਪੱਖੀ ਬਦਲਾਵ ਲਿਆਉਣ ਵਿੱਚ ਸਮਰੱਥ ਹਨ।