ਹੈਰੀਟੇਜ ਪਬਲਿਕ ਸਕੂਲ ’ਚ ਸਾਲਾਨਾ ਸਮਾਗਮ
ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਦਸੰਬਰ
ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਵੱਲੋਂ ਪ੍ਰਿੰਸੀਪਲ ਯੋਗੇਸ਼ਵਰ ਸਿੰਘ ਬਟਿਆਲ ਦੀ ਅਗਵਾਈ ਹੇਠ ਦੋ ਦਿਨਾਂ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸੰਦੀਪ ਰਿਸ਼ੀ ਡਿਪਟੀ ਕਮਿਸ਼ਨਰ ਅਤੇ ਸਰਤਾਜ ਸਿੰਘ ਚਹਿਲ ਐੱਸਐੱਸਪੀ ਸੰਗਰੂਰ ਵੱਲੋਂ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੇ ਉੱਚੇ ਮੁਕਾਮ ਹਾਸਲ ਕਰਨ ਲਈ ਲਗਨ ਅਤੇ ਦ੍ਰਿੜ੍ਹਤਾ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਇੰਸਟਰੂਮੈਂਟਲ ਮਿਊਜ਼ਿਕ, ਕਲਾਸੀਕਲ, ਇੰਗਲਿਸ਼ ਮਿਊਜ਼ਿਕ ਪਲੇਅ ਐਕਟ ਤੋਂ ਇਲਾਵਾ ਪੰਜਾਬੀ ਨਾਟਕ ਤੇ ਸਕਿੱਟ ਦੀ ਪੇਸ਼ਕਾਰੀ ਦਿੱਤੀ ਗਈ। ਸਮਾਗਮ ਦੌਰਾਨ ਪੰਜਾਬੀ ਲੋਕ ਨਾਚ ਭੰਗੜਾ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ। ਹਰਨੂਰ ਕੌਰ ਅਤੇ ਪ੍ਰਭਇਸ਼ਰਤ ਕੌਰ ਵੱਲੋਂ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹੀ ਗਈ। ਸਮਾਗਮ ਦੌਰਾਨ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਸ੍ਰੀਮਤੀ ਆਸ਼ਿਮਾ ਮਿੱਤਲ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।