ਮਾਣਕਪੁਰ ਸ਼ਰੀਫ਼ ਦੀ ਦਰਗਾਹ ’ਤੇ ਸਾਲਾਨਾ ਸਮਾਗਮ ਸ਼ੁਰੂ
ਮਿਹਰ ਸਿੰਘ
ਕੁਰਾਲੀ, 5 ਜੂਨ
ਇਤਿਹਾਸਕ ਪਿੰਡ ਮਾਣਕਪੁਰ ਸ਼ਰੀਫ਼ ਦੀ ਮਸ਼ਹੂਰ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਦੀ ਦਰਗਾਹ ‘ਤੇ 196ਵਾਂ ਸਾਲਾਨਾ ਉਰਸ ਸਮਾਗਮ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਪਹਿਲੇ ਦਿਨ ਭਾਰੀ ਗਿਣਤੀ ਸੰਗਤ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰੀ। ਜ਼ਿਲ੍ਹਾ ਮੁਸਲਿਮ ਵੈੱਲਫੇਅਰ ਐਂਡ ਰੋਜ਼ਾ ਕਮੇਟੀ ਵੱਲੋਂ ਕਰਵਾਏ ਜਾ ਰਹੇ ਇਸ ਚਾਰ ਰੋਜ਼ਾ ਉਰਸ ਸਮਾਗਮ ਦੀ ਸ਼ੁਰੂਆਤ ਚਾਦਰ ਚੜ੍ਹਾਉਣ ਅਤੇ ਝੰਡੇ ਦੀ ਰਸਮ ਨਾਲ ਹੋਈ। ਇਸ ਦੌਰਾਨ ਵੱਖ ਵੱਖ ਰਾਜਾਂ ਤੋਂ ਆਈਆਂ ਕੱਵਾਲ ਪਾਰਟੀਆਂ ਨੇ ਸੂਫ਼ੀ ਪ੍ਰੋਗਰਾਮ ਪੇਸ਼ ਕੀਤਾ। ਕੱਵਾਲੀਆਂ ਦਾ ਇਹ ਪ੍ਰੋਗਰਾਮ ਦਰਗਾਹ ‘ਤੇ ਦਿਨ-ਰਾਤ ਚੱਲੇਗਾ। ਪਹਿਲੇ ਦਿਨ ਰੰਗਾ-ਰੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਰਾਹੀ ਮਾਣਕਪੁਰ ਸ਼ਰੀਫ਼,ਪਿੰਕਾ ਸਾਬਰੀ ਤੇ ਹੋਰ ਕਈ ਗਾਇਕਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪਹਿਲੇ ਦਿਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਉਰਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਹਾਜ਼ਰੀ ਲਵਾਈ। ਪਿੰਡ ਦੇ ਵਿਕਾਸ ਲਈ ਪੰਜ ਲੱਖ ਅਤੇ ਦਰਗਾਹ ਕਮੇਟੀ ਨੂੰ ਵਿਕਾਸ ਦੇ ਕੰਮਾਂ ਲਈ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।