ਪੰਜਾਬੀ ਲਿਖਾਰੀ ਸਭਾ ਸਿਆਟਲ ਦਾ ਸਾਲਾਨਾ ਸਮਾਗਮ
ਸਰੀ: ਪੰਜਾਬ ਭਵਨ ਸਰੀ ਦੇ ਬਾਨੀ ਸੁੱਖੀ ਬਾਠ, ਕਵੀ ਕਵਿੰਦਰ ਚਾਂਦ ਅਤੇ ਲੇਖਕ ਅਮਰੀਕ ਪਲਾਹੀ ਦੇ ਸੱਦੇ ਨੂੰ ਕਬੂਲਦਿਆਂ ਪੰਜਾਬੀ ਲਿਖਾਰੀ ਸਭਾ, ਸਿਆਟਲ ਦੇ ਮੈਂਬਰਾਂ, ਅਹੁਦੇਦਾਰਾਂ ਦਾ ਦੋ ਰੋਜ਼ਾ ਕੌਮਾਂਤਰੀ ਪੰਜਾਬੀ ਸਾਹਿਤ, ਚੇਤਨਤਾ ਪਰਵਾਸ ਵਿਸ਼ੇ ’ਤੇ ਸਾਲਾਨਾ ਸੰਮੇਲਨ-5 ਇੱਥੇ ਪੰਜਾਬ ਭਵਨ ਵਿੱਚ ਹੋਇਆ। ਇਸ ਵਿੱਚ ਸਨੇਹ ਭਰੀ ਹਾਜ਼ਰੀ ਅਮਰੀਕਾ ਕੈਨੇਡਾ ਦੀ ਦੋਸਤੀ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਗਈ। ਇਸ ਸੰਮੇਲਨ ਵਿੱਚ ਦੁਨੀਆ ਤੋਂ ਆਪੋ-ਆਪਣੇ ਵਿਸ਼ਿਆਂ ਦੇ ਮਾਹਿਰ ਡਾ. ਸਾਧੂ ਸਿੰਘ, ਡਾ. ਐੱਸ.ਪੀ. ਸਿੰਘ, ਡਾ. ਬੀ.ਐੱਸ. ਘੁੰਮਣ, ਡਾ. ਗੁਰਪਿੰਦਰ ਸਿੰਘ ਸਮਰਾ, ਸੁਨੀਲ ਡੋਗਰਾ, ਪਾਲੀ ਭੁਪਿੰਦਰ, ਨਵਨੀਤ ਵਨਿੀਪੈਗ, ਡਾ. ਗੁਰਬਖਸ਼ ਭੰਡਾਲ, ਇੰਦਰਜੀਤ ਸਿੰਘ ਧਾਮੀ, ਕਮਲਜੀਤ ਢਿਲੋਂ, ਸ਼ਿਵ ਰਾਜ ਘੁੰਮਣ, ਡਾ. ਗੋਪਾਲ ਬੁੱਟਰ, ਜਸਵੀਰ ਮੰਗੂਵਾਲ, ਡਾ. ਬਬਨੀਤ ਕੌਰ ਅਤੇ ਜੈਗ ਖੋਸਾ ਆਦਿ ਨੇ ਸਮਾਜ ਨੂੰ ਪੇਸ਼ ਸਮੱਸਿਆਵਾਂ ਦੇ ਵਿਸ਼ਲੇਸ਼ਣ ਨਾਲ ਸਾਂਝ ਪਵਾਈ।
ਵੱਖ ਵੱਖ ਖਿੱਤਿਆਂ ਤੋਂ ਵਿਸ਼ੇਸ਼ ਤੌਰ ’ਤੇ ਸੱਦੇ ਕਵੀਆਂ-ਕਵਿੱਤਰੀਆਂ ਬਾਬਾ ਨਜ਼ਮੀ, ਸੁਖਵਿੰਦਰ ਅੰਮ੍ਰਿਤ, ਗੁਰਤੇਜ ਕੋਹਾਰਵਾਲਾ, ਤਾਹਿਰਾ ਸਰਾ, ਡਾ. ਕਰਨੈਲ ਸਿੰਘ ਸ਼ੇਰਗਿੱਲ, ਡਾ. ਗੁਰਮਿੰਦਰ ਸਿੱਧੂ, ਰਵਿੰਦਰ ਸਰਾਅ, ਸੁਰਜੀਤ ਕੌਰ ਟੋਰਾਂਟੋ ਆਦਿ ਨੇ ਆਪੋ ਆਪਣੀਆਂ ਨਜ਼ਮਾਂ, ਗ਼ਜ਼ਲਾਂ, ਗੀਤਾਂ ਨਾਲ ਆਲੇ ਦੁਆਲੇ ’ਚ ਵਿਸਮਾਦ ਭਰ ਦਿੱਤਾ। ਸਥਾਨਕ ਕਵੀਆਂ ਜਸਵੀਰ ਭਲੂਰੀਆ, ਕ੍ਰਿਸ਼ਨ ਭਨੋਟ, ਦਰਸ਼ਨ ਸਿੰਘ ਸੰਘਾ, ਹਰਚੰਦ ਸਿੰਘ ਬਾਗੜੀ, ਜਰਨੈਲ ਸਿੰਘ, ਇੰਦਰਜੀਤ ਸਿੰਘ ਧਾਮੀ ਆਦਿ ਨੇ ਜਿੱਥੇ ਵੱਖ ਵੱਖ ਵਿਸ਼ਿਆਂ ਨੂੰ ਆਪਣੇ ਕਲਾਵੇ ’ਚ ਲਈ ਬੈਠੇ ਕਾਵਿ-ਰੂਪਾਂ ਨੂੰ ਪੇਸ਼ ਕੀਤਾ, ਉੱਥੇ ਪੰਜਾਬੀ ਲਿਖਾਰੀ ਸਭਾ ਸਿਆਟਲ ਤੋਂ ਪ੍ਰੋਗਰਾਮ ਦਾ ਹਿੱਸਾ ਬਣੇ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਨਸ਼ਿਆਂ ਜਿਹੀ ਕੁਰੀਤੀ ਨਾਲ ਸਬੰਧਿਤ ਗੀਤ, ਮੰਗਤ ਕੁਲਜਿੰਦ ਨੇ ਸੱਭਿਆਚਾਰਕ ਗੀਤ: ‘ਇੱਲ੍ਹਾਂ ਤੇ ਕਾਵਾਂ ਰਲ਼ ਕੇ ਪੁੱਛੇ ਸਿਰਨਾਵੇਂ ਬਈ...’, ਸਾਧੂ ਸਿੰਘ ਝੱਜ ਨੇ ਭਾਰਤੀ ਅਤੇ ਅਮਰੀਕਨ ਸਮਾਜ ਦੀ ਤੁਲਨਾ ਅਤੇ ਸਿਹਤ-ਸੁਚੇਤਨਾ ਦੇ ਗਿਆਨੀ ਸਭਾ ਦੇ ਮੈਂਬਰ ਸ਼ਸ਼ੀ ਪਰਾਸ਼ਰ ਨੇ ਹਾਜ਼ਰੀ ਲਵਾਈ। ਰੂਪ ਦਵਿੰਦਰ ਨਾਹਲ, ਹਰਪ੍ਰੀਤ ਸਿੰਘ, ਨਵਜੋਤ ਢਿੱਲੋਂ, ਜੈਸਮੀਨ, ਪਰਮਜੀਤ ਸਰਾਏ, ਬਲਦੇਵ ਰਹਿਪਾ, ਪਰਮਿੰਦਰ ਸਵੈਚ, ਸ਼ਾਦੀ ਰਾਮ ਗੋਇਲ, ਪਾਰਸ ਅਤੇ ਸਰੀ ਦੀਆਂ ਹੋਰ ਕਈ ਜਾਣੀਆ ਪਹਿਚਾਣੀਆਂ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਹਰ ਇੱਕ ਵਿਸ਼ੇ ’ਤੇ ਔਰਤਾਂ ਦੀ ਅੱਧ ਤੋਂ ਵੱਧ ਨੁਮਾਇੰਦਗੀ ਇਸ ਪ੍ਰੋਗਰਾਮ ਦੀ ਪ੍ਰਾਪਤੀ ਸੀ। ਡਾ. ਸਾਹਿਬ ਸਿੰਘ ਨੇ ਬੇਟੀ ਅਰਸ਼ਿਤਾ ਸਿੰਘ ਦੇ ਸਹਿਯੋਗ ਨਾਲ ਦੋਵੇਂ ਦਿਨ ਖੇਡੇ ਨਾਟਕਾਂ ‘ਲੱਛੂ ਕਬਾੜੀਆ’ ਅਤੇ ‘ਸੰਦੂਕੜੀ ਖੋਲ੍ਹ ਨਰੈਣਿਆ’ ਨੂੰ ਦੇਖਣ ਵਾਲਿਆਂ ਦਾ ਇਕੱਠ ਇਨ੍ਹਾਂ ਦੀ ਲੋਕ-ਪਸੰਦੀ ਦਾ ਸਬੂਤ ਸੀ ।
ਸ. ਅਰਜਨ ਸਿੰਘ ਬਾਠ ਯਾਦਗਾਰੀ ਐਵਾਰਡ, ਪੰਜਾਬ ਭਵਨ ਵੱਲੋਂ ਸਮਾਜ ਸੇਵਕ ਸੁੱਚਾ ਸਿੰਘ ਕਲੇਰ, ਨਦੀਮ ਪਰਮਾਰ ਸ਼ਾਇਰ ਅਤੇ ਸਮਾਜ ਸੇਵਿਕਾ ਮਨਜੀਤ ਗਿੱਲ ਨੂੰ ਦਿੱਤਾ ਗਿਆ ਜਦੋਂ ਕਿ ਧਾਮੀ ਪਰਿਵਾਰ ਯਾਦਗਾਰੀ ਐਵਾਰਡ ਨਾਲ ਬਲਵਿੰਦਰ ਸੰਧੂ (ਭਾਰਤ) ਨੂੰ ਸਨਮਾਨਿਤ ਕੀਤਾ ਗਿਆ।
ਖ਼ਬਰ ਸਰੋਤ: ਪੰਜਾਬੀ ਲਿਖਾਰੀ ਸਭਾ, ਸਿਆਟਲ
ਸੰਪਰਕ: +1 206 244 4663