ਪੰਜਾਬੀ ਸਾਹਿਤ ਸਭਾ ਅਮਲੋਹ ਵੱਲੋਂ ਸਾਲਾਨਾ ਸਮਾਗਮ
ਪੱਤਰ ਪ੍ਰੇਰਕ
ਅਮਲੋਹ, 21 ਨਵੰਬਰ
ਮੰਡੀ ਗੋਬਿੰਦਗੜ੍ਹ ਸਥਿਤ ਦੇਸ਼ ਭਗਤ ਯੂਨੀਵਰਸਿਟੀ ਦੇ ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼ ਵਿਚ ਪੰਜਾਬੀ ਸਾਹਿਤ ਸਭਾ ਅਮਲੋਹ ਵਲੋਂ ਭਾਸ਼ਾ ਵਿਭਾਗ, ਪਟਿਆਲਾ ਦੇ ਸਹਿਯੋਗ ਨਾਲ ਸਾਲਾਨਾ ਸਮਾਗਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਬਲਬੀਰ ਸਿੰਘ ਮੁੱਲਾਂਪੁਰ ਨੇ ਯੂਨੀਵਰਸਿਟੀ ਦੇ ਕੁਲਪਤੀ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਜ਼ੋਰਾ ਸਿੰਘ, ਸਨਮਾਨਿਤ ਸ਼ਖਸੀਅਤਾਂ ਅਮਰਜੀਤ ਸਿੰਘ ਵੜੈਚ, ਡਾਇਰੈਕਟਰ, ਆਲ ਇੰਡੀਆ ਰੇਡੀਓ, ਸਾਹਿਤਕਾਰ ਗੁਰਦਿਆਲ ਰੋਸ਼ਨ , ਕਮਲਜੀਤ ਨੀਲੋਂ ਸ਼੍ਰੋਮਣੀ ਬਾਲ ਲੇਖਕ ਅਤੇ ਗਾਇਕ, ਡਾ. ਦਵਿੰਦਰ ਕੁਮਾਰ ਡਾਇਰੈਕਟਰ ਫੈਕਲਟੀ ਆਫ਼ ਸੋਸ਼ਲ ਸਾਇੰਸਜ਼ ਐਂਡ ਲੈਂਗੂਏਜ਼, ਡਾ. ਧਰਮਿੰਦਰ ਸਿੰਘ, ਡਿਪਟੀ ਡਾਇਰੈਕਟਰ, ਖੋਜ, ਸਮਾਜ ਸੇਵਕ ਜਤਿੰਦਰ ਸਿੰਘ ਰਾਮਗੜ੍ਹੀਆ ਅਤੇ ਹਰਚਰਨ ਸਿੰਘ ਦਾ ਸਵਾਗਤ ਕੀਤਾ।
ਇਸ ਮੌਕੇ ਜਸਪ੍ਰੀਤ ਕੌਰ ਸਹਾਇਕ ਡਾਇਰੈਕਟਰ, ਭਾਸ਼ਾ ਵਿਭਾਗ, ਪਟਿਆਲਾ ਨੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਡਾ. ਦਵਿੰਦਰ ਕੁਮਾਰ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀਆਂ ਯੋਜਨਾਵਾਂ ਤਹਿਤ ਦੇਸ਼ ਭਗਤ ਯੂਨੀਵਰਸਿਟੀ ਵੀ ਪੰਜਾਬੀ ਦੇ ਵਿਕਾਸ ਨੂੰ ਸਮਰਪਿਤ ‘ਪੰਜਾਬੀ ਭਾਸ਼ਾ, ਲੋਕਧਾਰਾ, ਸਭਿਆਚਾਰ ਕੇਂਦਰ’ ਨਾਮਕ ਵੱਖ-ਵੱਖ ਸੈੱਲ ਵਿਕਸਤ ਕਰਕੇ ਆਪਣਾ ਯੋਗਦਾਨ ਪਾ ਰਹੀ ਹੈ। ਡਾ. ਧਰਮਿੰਦਰ ਸਿੰਘ, ਡਿਪਟੀ ਡਾਇਰੈਕਟਰ ਰਿਸਰਚ ਨੇ ਕਿਹਾ ਕਿ ਜਿਨ੍ਹਾਂ ਸ਼ਖ਼ਸੀਅਤਾਂ ਨੇ ਵੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਵਡਮੁੱਲਾ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਪੰਜਾਬੀ ਸਾਹਿਤ ਸਭਾ ਵਲੋਂ ਸ਼ਾਲ ਅਤੇ 2100 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬੀ ਸਾਹਿਤ ਸਭਾ ਦੇ ਕੋਆਰਡੀਨੇਟਰ ਮੇਹਰ ਸਿੰਘ ਰਾਈਏਵਾਲ ਨੇ ਕਿਹਾ ਕਿ ਸਮਾਗਮ ਵਿੱਚ ਨਾਮਵਰ ਸ਼ਖ਼ਸੀਅਤਾਂ ਦਾ ਸ਼ਾਮਲ ਹੋਣਾ ਮਾਣ ਵਾਲੀ ਗੱਲ ਹੈ। ਸਮਾਗਮ ਦੇ ਅੰਤ ਵਿੱਚ ਡਾ. ਜੋਰਾ ਸਿੰਘ ਗਰੇਵਾਲ ਨੇ ਧੰਨਵਾਦੀ ਮਤਾ ਪੇਸ਼ ਕੀਤਾ।
ਸਮਾਗਮ ਵਿਚ ਜਨਰਲ ਸਕੱਤਰ ਬੇਅੰਤ ਭਾਂਬਰੀ ਅਤੇ ਵਿੱਤ ਸਕੱਤਰ ਗੁਰਪ੍ਰੀਤ ਸਿੰਘ ਵੜੈਚ, ਪ੍ਰਿੰਸੀਪਲ ਪੁਸ਼ਪਿੰਦਰ ਰਾਣਾ, ਰਾਮ ਸਿੰਘ ਅਲਬੇਲਾ, ਪਰਮਜੀਤ ਬਿੱਟੂ, ਸਤੀਸ਼ ਕੁਮਾਰ ਮਸੂਮ, ਜੋਰਾ ਸਿੰਘ ਗਰੇਵਾਲ, ਸੁਰਜੀਤ ਸੀਤ ਤੇ ਹੋਰ ਪਤਵੰਤੇ ਹਾਜ਼ਰ ਸਨ।