For the best experience, open
https://m.punjabitribuneonline.com
on your mobile browser.
Advertisement

ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਚਟੌਲੀ ਵਾਸੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ

11:48 AM May 20, 2024 IST
ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਅੱਕੇ ਚਟੌਲੀ ਵਾਸੀਆਂ ਵੱਲੋਂ ਚੋਣਾਂ ਦੇ ਬਾਈਕਾਟ ਦਾ ਐਲਾਨ
ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦੇ ਹੋਏ ਚਟੌਲੀ ਵਾਸੀ।
Advertisement

ਮਿਹਰ ਸਿੰਘ
ਕੁਰਾਲੀ, 19 ਮਈ
ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦੀ ਅਣਦੇਖੀ ਤੋਂ ਅੱਕੇ ਕੁਰਾਲੀ ਨੇੜਲੇ ਪਿੰਡਾਂ ਚਟੌਲੀ ਅਤੇ ਫਤਿਹਗੜ੍ਹ ਚਟੌਲੀ ਦੇ ਵਸਨੀਕਾਂ ਨੇ ‘ਸੜਕ ਨਹੀਂ ਵੋਟ ਨਹੀਂ’ ਦਾ ਨਾਅਰਾ ਦਿੰਦਿਆਂ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਦੋਵੇਂ ਪਿੰਡਾਂ ਵਿੱਚ ਬੋਰਡ ਲਗਾ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਤੇ ਉਮੀਦਵਾਰਾਂ ਨੂੰ ਪਿੰਡ ਵਿੱਚ ਦਾਖਲ ਨਾ ਹੋਣ ਲਈ ਵੀ ਕਿਹਾ ਗਿਆ ਹੈ।
ਕੌਮੀ ਸੜਕ ’ਤੇ ਪੈਂਦੇ ਪਿੰਡ ਬੰਨ੍ਹਮਾਜਰਾ ਤੋਂ ਲੈ ਕੇ ਘਾੜ ਇਲਾਕੇ ਦੇ ਕੇਂਦਰ ਪਿੰਡ ਖਿਜ਼ਰਾਬਾਦ ਤੱਕ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਬੰਨ੍ਹਮਾਜਰਾ-ਖਿਜ਼ਰਾਬਾਦ ਦੀ ਖਸਤਾ ਹਾਲਤ ਸਬੰਧੀ ਜਾਣਕਾਰੀ ਦਿੰਦਿਆਂ ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਨੂੰ ਜੋੜਨ ਵਾਲੀ ਸਭ ਤੋਂ ਮਹੱਤਵਪੂਰਨ ਸੜਕ ਦੀ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਸਾਰ ਨਹੀਂ ਲਈ। ਸਾਬਕਾ ਸਰਪੰਚ ਹਰਦੀਪ ਕੌਰ ਫਹਿਗੜ੍ਹ ਚਟੌਲੀ, ਸਾਬਕਾ ਸਰਪੰਚ ਸਰਬਜੀਤ ਕੌਰ ਚਟੌਲੀ, ਹਰੀ ਸਿੰਘ ਨਲੂਆ ਕਲੱਬ ਦੇ ਪ੍ਰਧਾਨ ਜੱਗੀ ਧਨੋਆ, ਐਡਵੋਕੇਟ ਗੁਰਪ੍ਰੀਤ ਸਿੰਘ ਖਟੜਾ, ਗੁਰਪ੍ਰੀਤ ਸਿੰਘ ਗੋਲਡੀ, ਨੰਬਰਦਾਰ ਬਲਜੀਤ ਸਿੰਘ, ਸਤਨਾਮ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਸੜਕ ਦੇ ਨਿਰਮਾਣ ਸਬੰਧੀ ਉਹ ਮੌਜੂਦਾ ਤੇ ਪਿਛਲੀ ਸਰਕਾਰ ਕੋਲ ਫਰਿਆਦਾਂ ਕਰ ਕੇ ਥੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੁਝ ਦਿਨਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਹਲਕੇ ਦੀਆਂ ਹੋਰ ਸਾਰੀਆਂ ਸੜਕਾਂ ਬਣ ਗਈਆਂ ਜਦਕਿ ਉਨ੍ਹਾਂ ਦੀ ਸੜਕ ਹੀ ਰਹਿ ਗਈ। ਪਤਵੰਤਿਆਂ ਨੇ ਦੱਸਿਆ ਕਿ ਮੌਜੂਦਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੂੰ ਵੀ ਉਹ ਕਈ ਵਾਰ ਮਿਲ ਚੁੱਕੇ ਹਨ ਪਰ ਉਨ੍ਹਾਂ ਦੇ ਪੱਲੇ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਪਿਆ। ਜੱਗੀ ਧਨੋਆ ਅਤੇ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਪਿੰਡ ਮੁਹਾਲੀ ਤੇ ਰੂਪਨਗਰ ਦੋ ਜ਼ਿਲ੍ਹਿਆਂ ਅਤੇ ਦੋ ਵਿਧਾਨ ਸਭਾ ਹਲਕਿਆਂ ਖਰੜ ਅਤੇ ਚਮਕੌਰ ਸਾਹਿਬ ਵਿੱਚ ਪੈਂਦੇ ਹੋਣ ਕਾਰਨ ਪਿੰਡਾਂ ਦੇ ਵਸਨੀਕ ਇਹ ਸਜ਼ਾ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਵੇਂ ਦੋਵਾਂ ਹਲਕਿਆਂ ਦੇ ਵਿਧਾਇਕ ਇੱਕ ਹੀ ਪਾਰਟੀ ਦੇ ਹਨ ਪਰ ਫਿਰ ਵੀ ਸਮੱਸਿਆ ਹੱਲ ਨਹੀਂ ਹੋਈ।
ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਮੀਟਿੰਗਾਂ ਕਰਕੇ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦਿਆਂ ਦੋਵੇਂ ਪਿੰਡਾਂ ਵਿੱਚ ਬੋਰਡ ਲਗਾ ਦਿੱਤੇ ਹਨ। ਜਦੋਂ ਤੱਕ ਸੜਕ ਨਹੀਂ ਬਣਦੀ ਉਦੋਂ ਤੱਕ ਕੋਈ ਵੀ ਆਗੂ ਤੇ ਉਮੀਦਵਾਰ ਪਿੰਡ ਨਾ ਆਵੇ। ਦੋਵੇਂ ਪਿੰਡਾਂ ਦੇ ਵਸਨੀਕਾਂ ਨੇ ਲੋਕ ਸਭਾ ਚੋਣਾਂ ਮਗਰੋਂ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×