For the best experience, open
https://m.punjabitribuneonline.com
on your mobile browser.
Advertisement

ਕਲਰਕਾਂ ਦੀਆਂ 106 ਅਸਾਮੀਆਂ ਭਰਨ ਦਾ ਐਲਾਨ

08:46 AM Oct 15, 2023 IST
ਕਲਰਕਾਂ ਦੀਆਂ 106 ਅਸਾਮੀਆਂ ਭਰਨ ਦਾ ਐਲਾਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਕਤੂਬਰ
ਇੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ। ਇਸ ਦੌਰਾਨ ਮੰਤਰੀ ਮੰਡਲ ਨੇ ਆਮ ਰਾਜ ਪ੍ਰਬੰਧ ਵਿਭਾਗ, ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਕਲਰਕ ਕੇਡਰ ਦੀਆਂ 106 ਆਸਾਮੀਆਂ ਭਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ 481 ਵੈਟਰਨਰੀ ਫਾਰਮਾਸਿਸਟਾਂ ਦੀਆਂ ਸੇਵਾਵਾਂ ’ਚ ਇਕ ਸਾਲ ਦਾ ਵਾਧਾ ਕਰਨ ਸਮੇਤ ਸੂਬੇ ਦੇ ਪੰਜ ਸ਼ਹਿਰਾਂ ਵਿੱਚ ਮੈਡੀਕਲ ਕਾਲਜਾਂ ਦੇ ਨਿਰਮਾਣ ਲਈ ਢੁਕਵਾਂ ਢਾਂਚਾ ਕਾਇਮ ਕਰਨ ਦੇ ਵੀ ਆਦੇਸ਼ ਦਿੱਤੇ ਹਨ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਨੇ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਆਸਾਮੀਆਂ ’ਤੇ ਭਰਤੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਦਾ ਕੰਮਕਾਜ ਸੁਚਾਰੂ ਤਰੀਕੇ ਨਾਲ ਚੱਲ ਸਕੇਗਾ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਪਸ਼ੂਆਂ ਲਈ ਵਧੀਆ ਸਿਹਤ ਸੰਭਾਲ ਸਹੂਲਤਾਂ ਦੇਣ ਲਈ 582 ਵੈਟਰਨਰੀ ਹਸਪਤਾਲਾਂ ’ਚ ਕੰਮ ਕਰ ਰਹੇ 481 ਵੈਟਰਨਰੀ ਫਾਰਮਾਸਿਸਟਾਂ ਦੀਆਂ ਸੇਵਾਵਾਂ ’ਚ ਇਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਨ੍ਹਾਂ ਨੂੰ ਫਾਰਮਾਸਿਸਟ ਸਰਵਿਸ ਪ੍ਰੋਵਾਈਡਰ ਵਜੋਂ ਪਹਿਲੀ ਅਪਰੈਲ 2023 ਤੋਂ 31 ਮਾਰਚ 2024 ਤੱਕ ਇਕ ਸਾਲ ਲਈ ਵਾਧਾ ਕਰਨ ਦੀ ਸਹਿਮਤੀ ਦਿੱਤੀ ਗਈ ਹੈ।
ਕੈਬਨਿਟ ਨੇ ਮੁਹਾਲੀ, ਕਪੂਰਥਲਾ, ਹੁਸ਼ਿਆਰਪੁਰ, ਮਾਲੇਰਕੋਟਲਾ ਤੇ ਸੰਗਰੂਰ ’ਚ ਬਣਨ ਵਾਲੇ ਮੈਡੀਕਲ ਕਾਲਜਾਂ ਲਈ ਢੁਕਵਾਂ ਢਾਂਚਾ ਕਾਇਮ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਇਲਾਵਾ ਲੀਗਲ ਤੇ ਲੈਜਿਸਲੇਟਿਵ ਮਾਮਲੇ (ਗਰੁੱਪ ਬੀ) ਸੇਵਾ ਨਿਯਮ 2023 ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਵਿਭਾਗ ’ਚ ਨਵੀਂ ਭਰਤੀ ਪ੍ਰਕਿਰਿਆ ’ਚ ਸਹੂਲਤ ਹੋਵੇਗੀ। ਕੈਬਨਿਟ ਨੇ ਸੂਬੇ ਦੀਆਂ ਜੇਲ੍ਹਾਂ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 9 ਕੈਦੀਆਂ ’ਚੋਂ ਪੰਜ ਕੈਦੀਆਂ ਦੀ ਅਗਾਊਂ ਰਿਹਾਈ ਦੀ ਮੰਗ ਕਰਨ ਵਾਲੇ ਕੇਸ ਭੇਜਣ ਦੀ ਸਹਿਮਤੀ ਦਿੱਤੀ, ਜਦੋਂ ਕਿ ਚਾਰ ਕੇਸ ਰੱਦ ਕਰ ਦਿੱਤੇ ਗਏ। ਇਹ ਕੇਸ ਪ੍ਰਵਾਨਗੀ ਲਈ ਰਾਜਪਾਲ ਨੂੰ ਭੇਜੇ ਜਾਣਗੇ।

Advertisement

Advertisement
Author Image

sukhwinder singh

View all posts

Advertisement
Advertisement
×