ਸਤਲੁਜ ਦਾ ਪਾਣੀ ਪਲੀਤ ਹੋਣ ਤੋਂ ਰੋਕਣ ਲਈ ਬੰਨ੍ਹ ਲਾਉਣ ਦਾ ਐਲਾਨ
ਸਤਵਿੰਦਰ ਬਸਰਾ
ਲੁਧਿਆਣਾ, 24 ਸਤੰਬਰ
ਬੁੱਢੇ ਦਰਿਆ ਵਿੱਚ ਵਧ ਰਹੇ ਪ੍ਰਦੂਸ਼ਣ ਅਤੇ ਸਤਲੁਜ ਦੇ ਸਾਫ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਕਾਲੇ ਪਾਣੀ ਦਾ ਮੋਰਚਾ ਟੀਮ ਵੱਲੋਂ ਪਹਿਲੀ ਅਕਤੂਬਰ ਤੋਂ ਬੰਨ੍ਹ ਲਗਾਉਣ ਦੇ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਰੋਡ ’ਤੇ ਮੋਰਚਾ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸੰਘਰਸ਼ ਬੀਤੀ 18 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਕਾਲੇ ਪਾਣੀ ਮੋਰਚਾ ਦੀ ਟੀਮ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪਹਿਲਾਂ ਬੁੱਢਾ ਦਰਿਆ ਰਾਹੀਂ ਸਤਲੁਜ ਦੇ ਪਾਣੀ ਨੂੰ ਜ਼ਹਿਰੀ ਹੋਣ ਤੋਂ ਰੋਕਣ ਲਈ 15 ਸਤੰਬਰ ਤੱਕ ਦਾ ਸਰਕਾਰ ਨੂੰ ਸਮਾਂ ਦਿੱਤਾ ਗਿਆ ਸੀ ਪਰ ਸਰਕਾਰ ਨੇ ਇਸ ਮਸਲੇ ਨੂੰ ਹੱਲ ਨਾ ਕੀਤਾ। ਡਾਇੰਗ ਇੰਡਸਟਰੀ ਕੋਲ ਬੁੱਢੇ ਦਰਿਆ ਵਿੱਚ ਆਪਣਾ ਟਰੀਟ ਕੀਤਾ ਹੋਇਆ ਪਾਣੀ ਸੁੱਟਣ ਦੀ ਵੀ ਇਜਾਜ਼ਤ ਨਹੀਂ ਸੀ ਪਰ ਇਸ ਗੱਲ ਨੂੰ ਪੰਜਾਬ ਦੇ ਲੋਕਾਂ ਤੋਂ ਲੁਕੋ ਕੇ ਰੱਖਿਆ ਗਿਆ ਅਤੇ ਪਿਛਲੇ ਦਿਨੀਂ ਐਨਜੀਟੀ ਦੇ ਇੱਕ ਕੇਸ ਵਿੱਚ ਇਸ ਦਾ ਪਰਦਾਫਾਸ਼ ਹੋਇਆ। ਟੀਮ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਇਸ ਸ਼ਰਤ ਦੇ ਜੱਗ ਜ਼ਾਹਰ ਹੋਣ ਤੋਂ ਬਾਅਦ 12 ਅਗਸਤ ਨੂੰ ਪੰਜਾਬ ਸਰਕਾਰ ਨੂੰ 15 ਦਿਨਾਂ ਵਿੱਚ ਡਾਇੰਗ ਦੇ ਇਸ ਗੰਦੇ ਪਾਣੀ ਨੂੰ ਪੂਰਨ ਤੌਰ ’ਤੇ ਬੁੱਢੇ ਦਰਿਆ ਵਿੱਚ ਪੈਣ ਤੋਂ ਰੋਕਣ ਦਾ ਹੁਕਮ ਜਾਰੀ ਕੀਤਾ, ਜਿਸ ਨੂੰ ਡੇਢ ਮਹੀਨਾ ਬੀਤਣ ਦੇ ਬਾਵਜੂਦ ਅਣਗੌਲਿਆ ਕੀਤਾ ਗਿਆ। ਮੁੱਖ ਮੰਤਰੀ ਦੇ ਗੁਮਰਾਹਕੁਨ ਰਵੱਈਏ ਨੂੰ ਦੇਖਦੇ ਹੋਏ ਕਾਲੇ ਪਾਣੀ ਦੇ ਮੋਰਚੇ ਵੱਲੋਂ ਕਾਲੇ ਪਾਣੀ ਨੂੰ ਬੰਨ੍ਹ ਲਾਉਣ ਦਾ ਐਲਾਨ ਕੀਤਾ ਗਿਆ ਜਿਸ ਤਹਿਤ 1 ਅਕਤੂਬਰ ਨੂੰ ਫਿਰੋਜ਼ਪੁਰ ਰੋਡ ’ਤੇ ਮੋਰਚਾ ਲਾ ਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।