ਓਲੰਪਿਕ ਲਈ ਭਾਰਤੀ ਹਾਕੀ ਟੀਮ ਦਾ ਐਲਾਨ
ਨਵੀਂ ਦਿੱਲੀ, 26 ਜੂਨ
ਹਾਕੀ ਇੰਡੀਆ ਨੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ ਓਲੰਪਿਕਸ ਖੇਡਾਂ ਲਈ ਅੱਜ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਦੇ ਪੰਜ ਖਿਡਾਰੀ ਪਹਿਲੀ ਵਾਰ ਓਲੰਪਿਕ ’ਚ ਖੇਡਣਗੇ। ਇਨ੍ਹਾਂ ਤੋਂ ਇਲਾਵਾ ਟੀਮ ਵਿੱਚ ਪਿਛਲੇ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਵੀ ਸ਼ਾਮਲ ਹਨ।
ਟੋਕੀਓ ਓਲੰਪਿਕ 2020 ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਚੌਥੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ ਜਦਕਿ ਕਪਤਾਨ ਹਰਮਨਪ੍ਰੀਤ ਲਈ ਇਹ ਤੀਜਾ ਓਲੰਪਿਕ ਹੋਵੇਗਾ। ਇਸੇ ਤਰ੍ਹਾਂ ਜਰਮਨਪ੍ਰੀਤ ਸਿੰਘ, ਸੰਜੈ, ਰਾਜ ਕੁਮਾਰ ਪਾਲ, ਅਭਿਸ਼ੇਕ ਅਤੇ ਸੁਖਜੀਤ ਸਿੰਘ ਪਹਿਲੀ ਵਾਰ ਓਲੰਪਿਕ ’ਚ ਖੇਡਣਗੇ।
ਟੋਕੀਓ ਵਿੱਚ ਮੁੱਖ ਟੀਮ ਦਾ ਹਿੱਸਾ ਰਿਹਾ ਨੀਲਕਾਂਤ ਸ਼ਰਮਾ ਨੂੰ ਬਦਲਵੇਂ ਖਿਡਾਰੀਆਂ ਵਿੱਚ ਰੱਖਿਆ ਗਿਆ ਹੈ ਅਤੇ ਦਿਲਪ੍ਰੀਤ ਸਿੰਘ ਨੂੰ ਮੌਕਾ ਨਹੀਂ ਮਿਲਿਆ। ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ, ਅਮਿਤ ਰੋਹੀਦਾਸ, ਸੁਮਿਤ ਅਤੇ ਸੰਜੈ ਸ਼ਾਮਲ ਹਨ ਜਦਕਿ ਮਿਡਫੀਲਡ ਵਿੱਚ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਫਾਰਵਰਡਾਂ ਵਿੱਚ ਅਭਿਸ਼ੇਕ, ਸੁਖਜੀਤ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਨੂੰ ਰੱਖਿਆ ਗਿਆ ਹੈ। -ਪੀਟੀਆਈ
ਭਾਰਤ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਨਾਲ ਕਰੇਗਾ ਸ਼ੁਰੂਆਤ
ਭਾਰਤੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਟੀਮ ਦਾ ਸਾਹਮਣਾ 29 ਜੁਲਾਈ ਨੂੰ ਅਰਜਨਟੀਨਾ ਨਾਲ, 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟਰੇਲੀਆ ਨਾਲ ਹੋਵੇਗਾ। ਭਾਰਤ ਨੇ ਹੁਣ ਤੱਕ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੇ ਦੇ ਤਗ਼ਮੇ ਜਿੱਤੇ ਹਨ।